ਪਾਕਿਸਤਾਨ ਨੇ ਵੀਰਵਾਰ ਨੂੰ ਕਰਤਾਰਪੁਰ ਲਾਂਘੇ ਨੂੰ ਇਮਰਾਨ ਖਾਨ ਸਰਕਾਰ ਦੀ 'ਕੂਟਨੀਤੀ ਦਾ ਮੁੱਖ ਧੁਰਾ' ਕਰਾਰ ਦਿਤਾ ਜਦੋਂ ਕਿ ਇਹ ਮੰਨਿਆ ਕਿ ਭਾਰਤ ਦੇ...
ਇਸਲਾਮਾਬਾਦ : (ਭਾਸ਼ਾ) ਪਾਕਿਸਤਾਨ ਨੇ ਵੀਰਵਾਰ ਨੂੰ ਕਰਤਾਰਪੁਰ ਲਾਂਘੇ ਨੂੰ ਇਮਰਾਨ ਖਾਨ ਸਰਕਾਰ ਦੀ 'ਕੂਟਨੀਤੀ ਦਾ ਮੁੱਖ ਧੁਰਾ' ਕਰਾਰ ਦਿਤਾ ਜਦੋਂ ਕਿ ਇਹ ਮੰਨਿਆ ਕਿ ਭਾਰਤ ਦੇ ਨਾਲ ਵਿਵਾਦਿਤ ਮੁੱਦਿਆਂ 'ਤੇ 'ਕੋਈ ਤਰੱਕੀ ਨਹੀਂ' ਹੋਈ। ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਇਹ ਵੀ ਕਿਹਾ ਕਿ ਕਸ਼ਮੀਰ ਮੁੱਦਾ 'ਪਾਕਿਸਤਾਨ ਦੀ ਤਰਜੀਹ ਵਿਚ ਸੱਭ ਤੋਂ ਉੱਤੇ' ਬਰਕਰਾਰ ਹੈ। ਫ਼ੈਸਲ ਨੇ ਕਿਹਾ ਕਿ ਕਰਤਾਰਪੁਰ ਲਾਂਘਾ, ਅਫ਼ਗਾਨਿਸਤਾਨ ਵਿਚ (ਸ਼ਾਂਤੀ) ਗਤੀਵਿਧੀਆਂ ਦੇ ਨਾਲ ਪਾਕਿਸਤਾਨ ਦੀ ਨਵੀਂ ਸਰਕਾਰ ਲਈ ਕੂਟਨੀਤੀ ਦਾ ਮੁੱਖ ਧੁਰਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਨੇ ਅਪਣੇ ਭਾਰਤੀ ਹਮਅਹੁਦਾ ਨਰਿੰਦਰ ਮੋਦੀ ਨੂੰ ਸਤੰਬਰ ਵਿਚ ਲਿਖੇ ਇਕ ਪੱਤਰ ਵਿਚ ਅੱਗੇ ਦੇ ਕਦਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿਤੀ ਸੀ ਪਰ ਨਵੀਂ ਦਿੱਲੀ ਇਸ ਉਤੇ ਪ੍ਰਤੀਕਿਰਿਆ ਦੇਣ ਵਿਚ ਅਸਫ਼ਲ ਰਹੀ। ਫ਼ੈਸਲ ਨੇ ਕਿਹਾ ਕਿ ਭਾਰਤ ਵਲੋਂ ਗੱਲ ਬਾਤ ਸ਼ੁਰੂ ਕਰਨ ਤੋਂ ਇਨਕਾਰ ਕਰਨ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਖਾਨ ਨੇ ਨਵੰਬਰ ਵਿਚ ਪਾਕਿਸਤਾਨ ਦੇ ਕਰਤਾਰਪੁਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜਿਲ੍ਹੇ ਵਿਚ ਡੇਰਾ ਬਾਬਾ ਨਾਨਕ ਨਾਲ ਜੋੜਨ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ।
ਇਸ ਨਾਲ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਉੱਥੇ ਜਾਣ ਲਈ ਵੀਜ਼ਾ ਦੀ ਸਹੂਲਤ ਹਾਸਲ ਹੋ ਸਕੇਗੀ। ਕਰਤਾਰਪੁਰ ਵਿਚ ਹੀ ਸਿੱਖਾਂ ਦੇ ਪਹਿਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣਾ ਅੰਤਮ ਸਮਾਂ ਬਿਤਾਇਆ ਸੀ। ਫ਼ੈਸਲ ਨੇ ਕਿਹਾ ਕਿ ਪੂਰੀ ਦੁਨੀਆਂ ਅਤੇ ਖਾਸ ਕਰ ਕੇ ਸਿੱਖ ਭਾਈਚਾਰੇ ਵਲੋਂ ਇਸ ਨੂੰ ਬੇਹੱਦ ਸਕਾਰਾਤਮਕ ਤੌਰ ਨਾਲ ਲਿਆ ਗਿਆ। ਅਸੀਂ ਕਰਤਾਰਪੁਰ ਵਿਚ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਭਾਰਤ ਦੇ ਨਾਲ ਵਿਵਾਦਮਈ ਮੁੱਦਿਆਂ 'ਤੇ 'ਕੋਈ ਤਰੱਕੀ ਨਹੀਂ' ਹੋਈ ਅਤੇ ਕਰਤਾਰਪੁਰ ਲਾਂਘਾ ਸਿਰਫ ਇਕ ਸਕਾਰਾਤਮਕ ਘਟਨਾਕ੍ਰਮ ਹੈ।
ਬੁਲਾਰੇ ਨੇ ਕਿਹਾ ਕਿ ਅਸੀਂ ਸਫ਼ਲ ਨਹੀਂ ਹੋਏ...ਅਸੀਂ ਇਕ ਕੋਸ਼ਿਸ਼ ਕੀਤੀ ਪਰ ਉਹ ਜਵਾਬ ਨਹੀਂ ਦੇ ਰਹੇ ਹਨ। ਤੁਸੀਂ ਕਹਿ ਸਕਦੇ ਹੋ ਕਿ ਇਹ ਸਫ਼ਲ ਨਹੀਂ ਹੋਇਆ। ਕਸ਼ਮੀਰ ਵਿਚ ਹਿੰਸਾ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਪੰਜ ਫ਼ਰਵਰੀ 2019 ਨੂੰ ਲੰਡਨ ਵਿਚ ਕਸ਼ਮੀਰ ਸਾਲਿਡੇਰਿਟੀ ਦੇ ਤੌਰ 'ਤੇ ਮਨਾਏਗਾ ਅਤੇ ਉਥੇ ਉਸ ਦੇ ਵਿਦੇਸ਼ ਮੰਤਰੀ ਵੀ ਮੌਜੂਦ ਰਹਿਣਗੇ।