
ਵਿਸ਼ੇਸ਼ ਜਾਂਚ ਟੀਮ ਵਲੋਂ 19 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਇਥੇ ਇਲਾਕਾ ਮੈਜਿਸਟਰੇਟ ਏਕਤਾ ਉੱਪਲ........
ਕੋਟਕਪੂਰਾ, ਫ਼ਰੀਦਕੋਟ : ਵਿਸ਼ੇਸ਼ ਜਾਂਚ ਟੀਮ ਵਲੋਂ 19 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਇਥੇ ਇਲਾਕਾ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਹਾਂ ਧਿਰਾਂ ਨੂੰ ਸੁਣਨ ਮਗਰੋਂ ਆਈ.ਜੀ. ਉਮਰਾਨੰਗਲ ਨੂੰ 26 ਫ਼ਰਵਰੀ ਤਕ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿਤਾ ਹੈ। ਜਾਂਚ ਟੀਮ ਵਲੋਂ ਪੇਸ਼ ਹੋਏ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਅਸ਼ੋਕਾ ਅਤੇ ਸਹਾਇਕ ਜ਼ਿਲ੍ਹਾ ਅਟਾਰਨੀ ਪੰਕਜ਼ ਤਨੇਜਾ ਨੇ ਅਦਾਲਤ ਪਾਸੋਂ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ
ਕਿਹਾ ਕਿ ਬਹਿਬਲ ਅਤੇ ਬਰਗਾੜੀ ਕਾਂਡ ਲਈ ਉਚ ਪੁਲਿਸ ਅਧਿਕਾਰੀ ਹੀ ਕਸੂਰਵਾਰ ਹਨ, ਇਸ ਲਈ ਪੂਰੀ ਸਚਾਈ ਸਾਹਮਣੇ ਲਿਆਉਣ ਲਈ 10 ਦਿਨ ਦੇ ਹੋਰ ਪੁਲਿਸ ਰਿਮਾਂਡ ਦੀ ਜ਼ਰੂਰਤ ਹੈ। ਉਨਾਂ ਇਹ ਦਾਅਵਾ ਵੀ ਕੀਤਾ ਕਿ 4 ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਆਈ.ਜੀ. ਨੇ ਪੁੱਛਗਿਛ 'ਚ ਸਹਿਯੋਗ ਨਹੀਂ ਦਿਤਾ। ਜਾਂਚ ਟੀਮ ਨੇ ਅਦਾਲਤ ਨੂੰ ਦਸਿਆ ਕਿ ਉਮਰਾਨੰਗਲ ਵਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਲੱਗੇ ਧਰਨਿਆਂ ਨੂੰ ਕਾਨੂੰਨ ਅਨੁਸਾਰ ਨਹੀਂ ਨਜਿੱਠਿਆ ਬਲਕਿ ਅਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਅਤੇ ਬਾਅਦ ਵਿਚ ਪੁਲਿਸ ਨੇ ਪੂਰੀ ਘਟਨਾ ਦੀ ਸਚਾਈ ਛੁਪਾਣ ਲਈ ਝੂਠੀ ਸਾਜ਼ਸ਼ ਰਚੀ
ਅਤੇ ਫ਼ਰਜ਼ੀ ਸਬੂਤ ਤਿਆਰ ਕਰਕੇ ਸ਼ਾਂਤਮਈ ਰੋਸ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਉੱਪਰ ਇਰਾਦਾ ਕਤਲ ਤੇ ਅਸਲੇ ਦੀ ਵਰਤੋਂ ਆਦਿ ਕਰਨ ਅਤੇ ਝੂਠਾ ਮੁਕੱਦਮਾ ਦਰਜ ਕਰ ਦਿਤਾ। ਪਤਾ ਲੱਗਾ ਹੈ ਕਿ ਉਸ ਦਿਨ 14 ਅਕਤੂਬਰ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਘਟਨਾ ਸਥਾਨ 'ਤੇ ਜੋ ਫ਼ੋਟੋਗ੍ਰਾਫਰ ਵੀਡੀਉ ਬਣਾਉਣ ਲਈ ਬਕਾਇਦਾ ਨਿਯੁਕਤ ਕੀਤਾ ਗਿਆ ਸੀ, ਉਸ ਨੇ ਵੀ ਐਸਆਈਟੀ ਮੂਹਰੇ ਬਿਆਨ ਦੇ ਕੇ ਮੰਨਿਆ ਹੈ ਕਿ ਉਚ ਪੁਲਿਸ ਅਫ਼ਸਰ ਨੇ ਉਸ ਨੂੰ ਸਾਰੀ ਰਿਕਾਰਡਿੰਗ ਦੀ ਇਕ ਕਾਪੀ ਸਿਟੀ ਥਾਣਾ ਕੋਟਕਪੂਰਾ ਵਿਖੇ ਜਮਾ ਕਰਵਾ ਕੇ ਬਾਕੀ ਰਿਕਾਰਡਿੰਗ ਨੂੰ ਨਸ਼ਟ ਕਰਨ ਦਾ ਹੁਕਮ ਦਿਤਾ ਸੀ।