
ਅੱਜ ਕਰੀਬ 12 ਦੁਪਹਿਰ ਵਜੇ ਬਰਨਾਲਾ ਦੀ ਬਾਜਵਾ ਪੱਤੀ ਦੇ ਗੁਰਦੁਆਰਾ ਸਾਹਿਬ...
ਬਰਨਾਲਾ: ਅੱਜ ਕਰੀਬ 12 ਦੁਪਹਿਰ ਵਜੇ ਬਰਨਾਲਾ ਦੀ ਬਾਜਵਾ ਪੱਤੀ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਹੋਏ ਗੁਰੂ ਗ੍ਰੰਥ ਸਾਹਿਬ ਅਚਾਨਕ ਅਗਨੀ ਭੇਟ ਹੋ ਗਏ। ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਪਰ ਜਾਣਕਾਰੀ ਅਨੁਸਾਰ ਬਿਜਲੀ ਬੋਰਡ ਵੱਲੋਂ ਗੁਰਦੁਆਰਾ ਸਾਹਿਬ ਨੇੜੇ ਟਰਾਂਸਫਾਰਮ ‘ਤੇ ਕੰਮ ਕੀਤਾ ਜਾ ਰਿਹਾ ਸੀ। ਬਿਜਲੀ ਦਾ ਵੱਡਾ ਪਟਾਕਾ ਪਿਆ ਸੀ।
ਇਸ ਮਾਮਲੇ ਸੰਬੰਧੀ ਐੱਸ.ਜੀ.ਪੀ.ਸੀ ਬਰਨਾਲਾ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਰਨਾਲਾ ਦੀ ਬਾਜਵਾ ਪੱਤੀ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਹੋਏ ਗੁਰੂ ਗ੍ਰੰਥ ਸਾਹਿਬ ਅਗਨੀ ਭੇਟ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਬਣੇ ਸੱਚਖੰਡ ਸਾਹਿਬ ਵਿਚ ਹੋਰ 8 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਏ ਸਨ। ਜਿਨ੍ਹਾਂ ਨੂੰ ਸਿੱਖ ਸੰਗਤ ਨੇ ਅਗਨੀ ਭੇਟ ਹੋਣ ਤੋਂ ਬਚਾ ਲਿਆ ਹੈ।
ਅੱਗ ਲੱਗਣ ਦੇ ਕਾਰਨਾਂ ‘ਤੇ ਉਨ੍ਹਾਂ ਬੋਲਦੇ ਕਿਹਾ ਕਿ ਅਜੇ ਸਪੱਸ਼ਟ ਤੌਰ ‘ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮਾਮਲੇ ਨੂੰ ਡੂੰਘਾਈ ਨਾਲ ਜਾਂਚਿਆ ਜਾ ਰਿਹਾ ਹੈ। ਗੁਰੂ ਘਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਲੱਗੀ ਅੱਗ ਨੂੰ ਬੁਝਾਉਣ ਲਈ ਗੁਰਦੁਆਰਾ ਸਾਹਿਬ ਦੇ ਸੇਵਾਦਾਰ, ਪ੍ਰਬੰਧਕਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਸਮੇਤ ਵੱਡੇ ਪੱਧਰ ‘ਤੇ ਲੋਕਾਂ ਨੇ ਆਪਣਾ ਬਣਦਾ ਸਹਿਯੋਗ ਦਿੱਤਾ।
ਜਿਸ ਨਾਲ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਗੁਰਮਰਿਆਦਾ ਅਨੁਸਾਰ ਸੱਚਖੰਡ ਸਾਹਿਬ ਵਿੱਚ ਪਏ 8 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਟਕਾ ਸਾਹਿਬ ਨੂੰ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਗੁਰਦੁਆਰਾ ਸਾਹਿਬ ਵਿਚ ਲਿਜਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਨ ਭੇਟ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਗੁਰ ਮਰਿਆਦਾ ਨਾਲ ਗੋਇੰਦਵਾਲ ਸਾਹਿਬ ਭੇਜਿਆ ਜਾਵੇਗਾ।
ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਈ ਘਟਨਾ ਨੂੰ ਲੈ ਕੇ ਸਿੱਖ ਸੰਗਤ ਵਿਚ ਭਾਰੀ ਦੁੱਖ ਪਾਇਆ ਜਾ ਰਿਹ ਹੈ। ਇਸ ਘਟਨਾ ਵਿਚ ਗੁਰਦੁਆਰਾ ਸਾਹਿਬ ਵਿਚ ਲੱਖਾਂ ਦਾ ਸਾਮਾਨ ਵੀ ਮੱਚ ਕੇ ਸਵਾਹ ਹੋ ਗਿਆ ਹੈ। ਜਿਸ ਵਿੱਚ ਬਿਜਲੀ ਦੇ ਉਪਕਰਨ ਏ.ਸੀ ਸਮੇਤ ਹੋਰ ਸਮਾਨ ਨੁਕਸਾਨੇ ਗਏ ਅਤੇ ਬਿਲਡਿੰਗ ਬਿਲਡਿੰਗ ਵੀ ਨੁਕਸਾਨੀ ਗਈ ਹੈ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਤਪਾਲ ਵੀ ਗੰਭੀਰ ਜ਼ਖ਼ਮੀ ਹੋ ਗਏ। ਜੋ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।