
ਪੰਜਾਬ ਵਿਚ ਨਕਲੀ ਘਿਓ ਦੋ ਤਰੀਕਿਆਂ ਨਾਲ ਵਿਕ ਰਿਹਾ ਹੈ।
Punjab News: ਪੰਜਾਬ ਵਿਚ ਸਿਹਤ ਵਿਭਾਗ ਨੇ ਸਾਲ 2022-23 ਵਿਚ ਦੇਸੀ ਘਿਓ ਦੇ 435 ਸੈਂਪਲ ਲਏ। ਇਨ੍ਹਾਂ ਵਿਚੋਂ 131 ਯਾਨੀ 30 ਫ਼ੀ ਸਦੀ ਫੇਲ੍ਹ ਹੋਏ। ਹੈਰਾਨੀ ਦੀ ਗੱਲ ਇਹ ਹੈ ਕਿ 131 ਸੈਂਪਲਾਂ 'ਚੋਂ 80 ਫ਼ੀ ਸਦੀ ਸੈਂਪਲਾਂ 'ਚ ਘਿਓ ਨਕਲੀ ਪਾਇਆ ਗਿਆ। ਬਾਕੀ 20 ਫ਼ੀ ਸਦੀ ਸੈਂਪਲਾਂ ਦੀ ਗੁਣਵੱਤਾ ਖਰਾਬ ਸੀ। ਪੰਜਾਬ ਵਿਚ ਨਕਲੀ ਘਿਓ ਦੋ ਤਰੀਕਿਆਂ ਨਾਲ ਵਿਕ ਰਿਹਾ ਹੈ। ਸੱਭ ਤੋਂ ਪਹਿਲਾਂ ਸਰਕਾਰੀ ਲਾਇਸੈਂਸ ਤੋਂ ਬਿਨਾਂ ਦੇਸੀ ਘਿਓ ਨੂੰ ਜੋਤ ਜਗਾਉਣ ਵਾਲੇ ਘਿਓ ਵਜੋਂ ਵੇਚਿਆ ਜਾ ਰਿਹਾ ਹੈ। ਇਸ ਦੀ ਕੀਮਤ 135-150 ਰੁਪਏ ਪ੍ਰਤੀ ਕਿਲੋ ਹੈ।
ਦੂਸਰਾ ਤਰੀਕਾ ਇਹ ਹੈ ਕਿ ਸਹਿਕਾਰੀ ਅਤੇ ਵੱਡੇ ਪ੍ਰਾਈਵੇਟ ਬ੍ਰਾਂਡਾਂ ਦੇ ਸਮਾਨ ਨਾਮ ਅਤੇ ਪੈਕਿੰਗ ਕਰਕੇ ਦੁਕਾਨਦਾਰ ਅਸਲੀ ਬਰਾਂਡ ਦੀ ਕੀਮਤ 'ਤੇ ਦੇਸੀ ਘਿਓ ਵੇਚ ਰਹੇ ਹਨ। ਵੇਰਕਾ ਦੇ ਜਲੰਧਰ ਪਲਾਂਟ ਦੇ ਜਨਰਲ ਮੈਨੇਜਰ ਅਸਿਤ ਸ਼ਰਮਾ ਦਾ ਕਹਿਣਾ ਹੈ ਕਿ ਇਕ ਕੁਇੰਟਲ ਦੁੱਧ ਤੋਂ ਸਿਰਫ਼ 5 ਕਿਲੋ ਦੇਸੀ ਘਿਓ ਹੀ ਬਣਾਇਆ ਜਾ ਸਕਦਾ ਹੈ। ਅਜਿਹੇ 'ਚ ਸ਼ੁੱਧਤਾ ਨੂੰ ਲੈ ਕੇ ਗਾਹਕਾਂ 'ਚ ਜਾਗਰੂਕਤਾ ਵੀ ਜ਼ਰੂਰੀ ਹੈ।
ਪੰਜਾਬ ਦੇ ਸੱਭ ਤੋਂ ਵੱਡੇ ਸਹਿਕਾਰੀ ਦੇਸੀ ਘਿਓ ਬ੍ਰਾਂਡ ਵੇਰਕਾ ਦੇ ਜਲੰਧਰ ਪਲਾਂਟ ਦੀ ਕਮੇਟੀ ਦੇ ਚੇਅਰਮੈਨ ਰਾਮੇਸ਼ਵਰ ਸਿੰਘ ਸਰਾਏਖਾਸ ਨੇ ਦਸਿਆ ਕਿ ਨਕਲੀ ਦੇਸੀ ਘਿਓ ਬਨਸਪਤੀ ਘਿਓ, ਪਾਮ ਆਇਲ ਅਤੇ ਬਟਰ ਮਿਲਕ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਨੂੰ ਸਾੜੋਗੇ ਤਾਂ ਕਾਲਾ ਧੂੰਆਂ ਨਿਕਲੇਗਾ। ਸ਼ੁੱਧ ਘਿਓ ਦੇ ਮੁਕਾਬਲੇ ਘੱਟ ਖੂਸ਼ਬੂ ਆਵੇਗੀ। ਤੁਸੀਂ ਲੈਬ ਵਿਚ ਇਸ ਦੀ ਜਾਂਚ ਕਰਵਾ ਸਕਦੇ ਹੋ। ਵੇਰਕਾ ਦੇ ਘਿਓ ਦੀ ਪੈਕਿੰਗ ਵਿਚ ਗਾਹਕਾਂ ਨੂੰ ਨਕਲ ਕਰਨ ਵਾਲਿਆਂ ਤੋਂ ਬਚਾਉਣ ਲਈ ਨਿਸ਼ਚਿਤ ਸਮੇਂ ਤੋਂ ਬਾਅਦ ਡਿਜ਼ਾਈਨਿੰਗ ਬਦਲ ਦਿਤੀ ਜਾਂਦੀ ਹੈ। ਇਸ ਦੇ ਨਾਲ ਹੀ ਬਾਰਕੋਡਿੰਗ ਅਤੇ ਹਾਲਮਾਰਕਿੰਗ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਬਾਰਕੋਡ ਨੂੰ ਸਕੈਨ ਕਰੋਗੇ ਤਾਂ ਤੁਹਾਨੂੰ ਘਿਓ ਦੇ ਪੂਰੇ ਬੈਚ ਬਾਰੇ ਜਾਣਕਾਰੀ ਮਿਲ ਜਾਵੇਗੀ।
ਦੁਕਾਨਦਾਰ ਨੂੰ ਕਰੀਬ 135 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਨਕਲੀ ਘਿਓ ਦਾ ਡੱਬਾ ਮਿਲਦਾ ਹੈ। ਇਸ ਨੂੰ ਗਾਹਕਾਂ ਨੂੰ 400 ਤੋਂ 600 ਰੁਪਏ ਤਕ ਵੇਚਿਆ ਜਾਂਦਾ ਹੈ। ਇਸ ਜ਼ਰੀਏ ਉਹ 250 ਤੋਂ 450 ਤਕ ਦੀ ਕਮਾਈ ਕਰ ਰਹੇ ਹਨ।
ਸਹਿਕਾਰੀ ਬ੍ਰਾਂਡ ਵੇਰਕਾ ਦੀ ਪਛਾਣ
1. ਟੈਟਰਾ ਪੈਕਿੰਗ ਮਸ਼ੀਨ ਦੀ ਕੀਮਤ ਲਗਭਗ 8 ਕਰੋੜ ਰੁਪਏ ਹੈ। ਅਜਿਹੀ ਸਥਿਤੀ ਵਿਚ, ਨਕਲ ਕਰਨ ਵਾਲੇ ਮਹਿੰਗੀ ਤਕਨੀਕ ਕਾਰਨ ਨਕਲੀ ਟੈਟਰਾ ਪੈਕਿੰਗ ਨਹੀਂ ਕਰ ਪਾਉਂਦੇ ਹਨ।
2. ਇਸ 'ਤੇ ਬਾਰਕੋਡ ਅਤੇ ਵੇਰਕਾ ਦਾ ਹੋਲੋਗ੍ਰਾਮ ਹੈ। ਅਪਣੇ ਫੋਨ ਨਾਲ ਬਾਰਕੋਡ ਸਕੈਨ ਕਰੋ, ਤੁਹਾਨੂੰ ਸਬੰਧਤ ਬੈਚ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ। ਤੁਸੀਂ ਜਾਅਲੀ ਬਾਰਕੋਡ ਨਾਲ ਵੇਰਕਾ ਦੀ ਵੈੱਬਸਾਈਟ ਵਿਚ ਦਾਖਲ ਨਹੀਂ ਹੋ ਸਕਦੇ।
3. ਟੈਟਰਾ ਪੈਕ 'ਤੇ ਵੇਰਕਾ ਸ਼ਬਦ ਦੇ ਅੱਖਰ ਉੱਭਰੇ ਹੋਏ ਹਨ। ਪੰਜਾਬੀ ਲੋਕ ਨਾਚ ਦੀ ਪੇਸ਼ਕਾਰੀ ਕਰਦੇ ਮਰਦ-ਔਰਤ ਦਾ ਚਿੱਤਰ ਬਣਾਇਆ ਗਿਆ ਹੈ।
4. ਸੱਜੇ ਪਾਸੇ ਚੜ੍ਹਦੇ ਸੂਰਜ ਦਾ ਨਿਸ਼ਾਨ ਅਤੇ ਹੇਠਾਂ ਕੋਨੇ ਉਤੇ ਸ਼ੁੱਧਤਾ ਦਾ ਨਿਸ਼ਾਨ ਬਣਿਆ ਹੁੰਦਾ ਹੈ।
5. ਗਾਂ ਦਾ ਘਿਓ ਹੋਣ ’ਤੇ ਗਾਂ ਦਾ ਚਿੱਤਰ ਬਣਿਆ ਹੋਵੇਗਾ
6. ਜੇਕਰ ਆਮ ਦੇਸੀ ਘਿਓ ਹੈ ਤਾਂ ਸਿਰਫ਼ ਦੇਸੀ ਘਿਓ ਲਿਖਿਆ ਹੋਵੇਗਾ।
7. ਟੀਨ ਦੇ ਡੱਬੇ ਵਿਚ ਵੀ ਪੈਕਿੰਗ ਆਉਂਦੀ ਹੈ ਅਤੇ ਇਸ ਵਿਚ ਵੀ ਬਾਰਕੋਡ, ਹੋਲੋਗ੍ਰਾਮ ਲਗਾਏ ਜਾਂਦੇ ਹਨ।