
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਕੈਬਨਿਟ ਮੀਟਿੰਗ ਦੌਰਾਨ ਲਏ ਗਏ ਫੈਸਲੇ ਅਨੁਸਾਰ ਹਰੇਕ ਘਰ 'ਚ ਨੌਕਰੀ
ਲੁਧਿਆਣਾ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਕੈਬਨਿਟ ਮੀਟਿੰਗ ਦੌਰਾਨ ਲਏ ਗਏ ਫੈਸਲੇ ਅਨੁਸਾਰ ਹਰੇਕ ਘਰ 'ਚ ਨੌਕਰੀ ਦੇਣ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਰੋਜ਼ਗਾਰ ਮੇਲੇ ਲਗਾ ਕੇ ਬੇਰੁਜ਼ਗਾਰਾਂ ਨੂੰ ਨੌਕਰੀ ਲਈ ਇਨਰੋਲ ਕੀਤਾ ਜਾਵੇਗਾ। ਇਸ ਮੁਹਿੰਮ ਤਹਿਤ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਗਿੱਲ ਰੋਡ ਲੁਧਿਆਣਾ ਵਿਖੇ ਮਿਤੀ 25 ਅਗਸਤ ਦਿਨ ਸ਼ੁੱਕਰਵਾਰ ਨੂੰ ਰਾਜ ਪੱੱਧਰੀ 'ਮੈਗਾ ਜਾਬ ਫੇਅਰ' ਲਗਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਲੁਧਿਆਣਾ (ਪੱਛਮੀ) ਦੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦਾ ਉਦਘਾਟਨ ਸਵੇਰੇ 11 ਵਜੇ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ ਪੰਜਾਬ ਸਰਕਾਰ ਕਰਨਗੇ। ਇਸ ਮੇਲੇ 'ਚ ਦੇਸ਼ ਦੀਆਂ ਪ੍ਰਸਿੱਧ ਵੱਡੀਆਂ ਅਤੇ ਛੋਟੀਆਂ ਕੰਪਨੀਆਂ ਬੇਰੁਜ਼ਗਾਰ ਆਈ. ਟੀ. ਆਈ. ਪਾਸ ਉਮੀਦਵਾਰਾਂ ਦੀ ਇੰਟਰਵਿਊ ਲੈਣ ਲਈ ਪਹੁੰਚਣਗੀਆਂ।
ਉਨ੍ਹਾਂ ਕਿਹਾ ਕਿ ਸਮੂਹ ਕੰਪਨੀਆਂ ਅਤੇ ਬੇਰੁਜ਼ਗਾਰ ਇਸ ਰੋਜ਼ਗਾਰ ਮੇਲੇ 'ਚ ਭਾਗ ਲੈਣ ਲਈ ਆਪਣੇ ਆਪ ਨੂੰ ਪੋਰਟਲ 'ਤੇ ਜਾ ਕੇ ਘਰ-ਘਰ ਨੌਕਰੀ ਦੇ ਲਿੰਕ ਨੂੰ ਕਲਿੱਕ ਕਰਕੇ ਰਜਿਸਟਰਡ ਕਰਨਗੇ ਅਤੇ ਲਾਗ ਇਨ ਕਰਕੇ ਆਪਣਾ ਨਿੱਜੀ ਡਾਟਾ ਭਰਨਗੇ। ਇਸ ਮੌਕੇ ਲੁਧਿਆਣਾ ਨਾਲ ਸੰਬੰਧਤ ਕਈ ਸਨਅਤੀ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ।