
ਵਾਤਾਵਾਰਨ ਉਤੇ ਪੈ ਰਿਹਾ ਮਾੜਾ ਪ੍ਰਭਾਵ ਸਮੁੱਚੀ ਮਨੁੱਖਤਾ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ।
ਕੁਰਾਲੀ: ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ‘ਸਹੀ ਪੋਸ਼ਣ, ਦੇਸ਼ ਰੌਸ਼ਨ’ ਪ੍ਰਾਜੈਕਟ ਤਹਿਤ ਪਿੰਡ ਵਾਸੀਆਂ ਨੂੰ ਆਲੇ ਦੁਆਲੇ ਦੀ ਸੰਭਾਲ ਲਈ ਜਾਗਰੂਕ ਕਰਨ ਦੇ ਮਨੋਰਥ ਨਾਲ ਸਮਾਗਮ ਨੇੜਲੇ ਪਿੰਡ ਸਿੰਘਪੁਰਾ ਵਿਚ ਕਰਵਾਇਆ ਗਿਆ। ਪਿੰਡ ਦੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਮੌਕੇ ਬੱਚਿਆਂ ਤੇ ਬਜ਼ੁਰਗਾਂ ਦੀ ਸਾਈਕਲ ਦੌੜ ਲਵਾਈ ਗਈ।
Save Earth
ਪਿੰਡ ਦੇ ਜਲ ਘਰ ਵਿਚ ਕਰਵਾਏ ਇਸ ਸਮਾਗਮ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐੱਸਡੀਓ ਰਜਿੰਦਰ ਕੁਮਾਰ ਅਤੇ ਮੈਡਮ ਰੂਬੀ ਨੇ ਪਿੰਡ ਵਾਸੀਆਂ ਨੂੰ ਵਾਤਾਵਰਨ ਦੀ ਸੰਭਾਲ ਸਬੰਧੀ ਸੁਚੇਤ ਕਰਦਿਆਂ ਕਿਹਾ ਕਿ ਵਾਤਾਵਾਰਨ ਉਤੇ ਪੈ ਰਿਹਾ ਮਾੜਾ ਪ੍ਰਭਾਵ ਸਮੁੱਚੀ ਮਨੁੱਖਤਾ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ। ਉਨ੍ਹਾਂ ਕਿ ਦੇਸ਼ ਦੀ ਤਰੱਕੀ ਲਈ ਹਰ ਨਾਗਰਿਕ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਨੋਰਥ ਲਈ ਹੀ ਸਰਕਾਰ ਵਲੋਂ ‘ਸਹੀ ਪੋਸ਼ਣ-ਦੇਸ਼ ਰੌਸ਼ਨ’ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਪੌਸ਼ਟਿਕ ਭੋਜਨ ਸਬੰਧੀ ਸੁਚੇਤ ਕਰਦਿਆਂ ਕਿਹਾ ਕਿ ਪੌਸ਼ਟਿਕ ਭੋਜਨ ਮਨੁੱਖ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ।
Green Planet
ਇਸੇ ਦੌਰਾਨ ਵਿਸ਼ਵ ਭਰ ਵਿਚ ਮਨਾਏ ਜਾਂਦੇ ਪਾਣੀ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਮਾਹਿਰਾਂ ਨੇ ਕਿਹਾ ਕਿ ਪਾਣੀ ਕੁਦਰਤ ਦੀ ਵਡਮੁੱਲੀ ਦਾਤ ਹੈ ਜਿਸਦੀ ਸੰਜਮ ਨਾਲ ਵਰਤੋਂ ਬਹੁਤ ਜ਼ਰੂਰੀ ਹੈ। ਇਸ ਮੌਕੇ ਅਮਰੀਕਨ ਇੰਡੀਆ ਫਾਊਂਡੇਸ਼ਨ ਵਲੋਂ ਪਿੰਡ ਵਾਸੀਆਂ ਨੂੰ ਵੇਸਟ ਮੈਨੇਜ਼ਮੈਂਟ ਸਬੰਧੀ ਸੁਚੇਤ ਕਰਦਿਆਂ ਕੂੜੇ ਕਰਕਟ ਦੇ ਸਹੀ ਨਿਪਟਾਰੇ ਸਬੰਧੀ ਅਗਵਾਈ ਦਿੱਤੀ। ਮਾਹਿਰਾਂ ਨੇ ਪਿੰਡ ਵਾਸੀਆਂ ਨੂੰ ਕੂੜੇ ਕਰਕਟ ਦੇ ਸਹੀ ਨਿਪਟਾਰੇ ਲਈ ਵੱਖੋ ਵੱਖਰੇ ਕੂੜੇਦਾਨ ਲਗਾਉਣ ਤੇ ਉਨ੍ਹਾਂ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਪਿੰਡ ਵਾਸੀਆਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਦੀ ਅਪੀਲ ਕਰਦਿਆਂ ਪਸ਼ੂ ਪੰਛੀਆਂ ਦੀ ਸੰਭਾਲ ਕਰਨ ਅਤੇ ਉਨ੍ਹਾਂ ਦੇ ਬਚਾਅ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ ਜਿਸ ਵਿਚ ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਮੈਂਬਰਾਂ, ਪੰਚਾਇਤ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਸਰਪੰਚ ਸਾਧੂ ਸਿੰਘ,ਸਾਬਕਾ ਸਰਪੰਚ ਹਰਨੇਕ ਸਿੰਘ ਸਿੱਧੂ, ਸੇਵਕ ਸਿੰਘ, ਜ਼ੈਲਦਾਰ ਕੁਲਵਿੰਦਰ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।