ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਅੱਜ ਇੱਥੇ 'ਵੇਸਟ ਟੂ ਐਨਰਜੀ' ਵਿਸ਼ੇ ਉਤੇ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਨੂੰ ਸੰਬੋਧਨ...
ਚੰਡੀਗੜ੍ਹ : ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਅੱਜ ਇੱਥੇ 'ਵੇਸਟ ਟੂ ਐਨਰਜੀ' ਵਿਸ਼ੇ ਉਤੇ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਊਰਜਾ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪੰਜਾਬ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਵਿਚ ਨਵੀਂ ਤੇ ਨਵਿਆਉਣਯੋਗ ਊਰਜਾ ਅਹਿਮ ਰੋਲ ਨਿਭਾਅ ਰਹੀ ਹੈ। ਸ੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ਵਿਚ ਨਿਵੇਸ਼ ਨੂੰ ਪ੍ਰਫੁੱਲਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ
ਕਿਉਂਕਿ ਅੱਜ ਕੱਲ੍ਹ ਖੇਤੀਬਾੜੀ ਦੀ ਰਹਿੰਦ-ਖੂੰਹਦ ਖਾਸ ਕਰਕੇ ਪਰਾਲੀ ਦੇ ਪ੍ਰਬੰਧਨ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਕਾਨਫਰੰਸ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਵੱਡਾ ਯੋਗਦਾਨ ਪਾਵੇਗੀ। ਇਸ ਵਾਸਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ 'ਐਗਰੋ ਵੇਸਟ ਟੂ ਐਨਰਜੀ' ਉਤੇ ਆਧਾਰਤ ਪ੍ਰਾਜੈਕਟ ਲਾਉਣ ਵਾਸਤੇ ਬਹੁਤ ਮਾਲੀ ਅਤੇ ਹੋਰ ਰਿਆਇਤਾਂ ਦੇ ਰਹੀ ਹੈ। ਜਿਵੇਂ ਕਿ ਪੰਜਾਬ ਸਰਕਾਰ ਆਪਣੀ ਐਨ.ਆਰ.ਐਸ.ਈ. ਪਾਲਿਸੀ ਤਹਿਤ ਕਈ ਸਹੂਲਤਾਂ ਪ੍ਰਦਾਨ ਕਰਦੀ ਹੈ,
ਜਿਸ ਤਹਿਤ ਇਸ ਖੇਤਰ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਜ਼ਮੀਨ ਦੀ ਖਰੀਦ/ਲੀਜ਼ 'ਤੇ ਲੈਣ ਲਈ ਲੱਗਣ ਵਾਲੀ ਅਸ਼ਟਾਮ ਡਿਊਟੀ 'ਤੇ 100 ਫੀਸਦੀ ਛੋਟ, ਸੀ.ਐਲ.ਯੂ. ਅਤੇ ਈ.ਡੀ.ਸੀ. ਖਰਚੇ ਤੋਂ ਛੋਟ, 100 ਫੀਸਦੀ ਬਿਜਲੀ ਡਿਊਟੀ ਦੀ ਛੋਟ ਅਤੇ ਸੋਲਰ ਪ੍ਰਾਜੈਕਟਾਂ ਉੱਤੇ ਪ੍ਰਦੂਸ਼ਣ ਅਤੇ ਵਾਤਾਵਰਨ ਦੀ ਮਨਜ਼ੂਰੀ ਲੈਣ ਤੋਂ 100 ਫੀਸਦੀ ਛੋਟ ਦਿੱਤੀ ਗਈ ਹੈ।
ਇਸ ਸਮੱਸਿਆ ਦੇ ਹੱਲ ਲਈ ਕਦਮ ਪੁੱਟਦਿਆਂ ਪੰਜਾਬ ਸਰਕਾਰ/ਪੇਡਾ ਵਲੋਂ ਇਸ ਖੇਤਰ ਵਿਚ ਮਾਹਿਰ ਕਈ ਨਾਮੀ ਕੰਪਨੀਆਂ ਨਾਲ 'ਵੇਸਟ ਟੂ ਐਨਰਜੀ ਪ੍ਰਾਜੈਕਟ' ਲਾਉਣ ਲਈ ਸਮਝੌਤੇ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੁੱਝ ਪ੍ਰਾਜੈਕਟਾਂ ਲਈ ਉਸਾਰੀ ਦਾ ਕੰਮ ਵੱਖ ਵੱਖ ਪੜਾਵਾਂ ਉਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਸਰਕਾਰ ਦੀਆਂ ਵਾਤਾਵਰਨ ਪੱਖੀ ਕੋਸ਼ਿਸ਼ਾਂ ਵਿਚ ਬਹੁਤ ਲਾਭਕਾਰੀ ਸਿੱਧ ਹੋਵੇਗੀ।
ਇਸ ਮੌਕੇ ਚੇਅਰਪਰਸਨ ਪੀ.ਐਸ.ਈ.ਆਰ.ਸੀ. ਕੁਸਮਜੀਤ ਸਿੱਧੂ, ਸ੍ਰੀਮਤੀ ਅਲੈਗਜੈਂਡਰਾ ਫੀਫਰ ਜਰਮਨੀ, ਜੋਹਨਬਰਗਰੇਨ ਸਵੀਡਨ, ਡਾ. ਕ੍ਰਿਸਟੋਫ ਕੈਸਲਰ ਡਾਇਰੈਕਟਰ, ਮੈਂਬਰ ਪੀ.ਐਸ.ਈ.ਆਰ.ਸੀ. ਇੰਜਨੀਅਰ ਐਸ.ਐਸ. ਸਰਨਾ, ਮੈਂਬਰ ਪੀ.ਐਸ.ਈ.ਆਰ.ਸੀ. ਮੈਡਮ ਅੰਜੂਲੀ ਚੰਦਰਾ, ਡਾਇਰੈਕਟਰ ਐਮ.ਐਨ.ਆਰ.ਈ., ਭਾਰਤ ਸਰਕਾਰ ਡਾ. ਜੀ.ਪ੍ਰਸ਼ਾਦ, ਸਾਬਕਾ ਸਲਾਹਕਾਰ ਐਮ.ਐਨ.ਆਰ.ਈ., ਭਾਰਤ ਸਰਕਾਰ ਸ੍ਰੀ ਏ.ਕੇ. ਦੂਸਾ, ਡਾਇਰੈਕਟਰ ਟੈਕਨੀਕਲ ਈਰੇਡਾ ਸ਼੍ਰੀ ਚਿੰਤਨ ਸ਼ਾਹ, ਡਾ. ਸੁਮਨ ਕੁਮਾਰ ਨਾਬਾਰਡ, ਐਚ.ਪੀ.ਸੀ.ਐਲ., ਬੀ.ਪੀ.ਸੀ.ਐਲ. ਅਤੇ ਆਈ.ਓ.ਸੀ.ਐਲਤੋ ਤੇ ਹੋਰ ਹਾਜ਼ਰ ਸਨ।