
ਇਸ ਪ੍ਰੋਜੈਕਟ ਦਾ ਐਲਾਨ ਕੇਂਦਰ ਚ ਭਾਜਪਾ ਅਗਵਾਈ ਵਾਲੀ ਸਰਕਾਰ ਵੱਲੋਂ ਕੀਤਾ ਗਿਆ ਸੀ
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਲੁਧਿਆਣਾ ਚ ਸਮਾਰਟ ਸਿਟੀ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਵਾਉਣ ਦਾ ਵਾਅਦਾ ਕੀਤਾ ਹੈ, ਜਿਸ ਪ੍ਰੋਜੈਕਟ ਦਾ ਐਲਾਨ ਕੇਂਦਰ ਚ ਭਾਜਪਾ ਅਗਵਾਈ ਵਾਲੀ ਸਰਕਾਰ ਵੱਲੋਂ ਕੀਤਾ ਗਿਆ ਸੀ।
Maheshinder Grewal
ਇੱਥੇ ਲੜੀਵਾਰ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਗਰੇਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਪਹਿਲੇ ਪੜਾਅ ਹੇਠ ਹੀ ਲੁਧਿਆਣਾ ਨੂੰ ਸਮਾਰਟ ਸਿਟੀ ਐਲਾਨ ਕੀਤੇ ਜਾਣ ਦੇ ਬਾਵਜੂਦ ਸਥਾਨਕ ਐੱਮਪੀ ਰਵਨੀਤ ਸਿੰਘ ਬਿੱਟੂ ਇਸਨੂੰ ਲਾਗੂ ਕਰਵਾਉਣ ਚ ਨਾਕਾਮਯਾਬ ਰਹੇ, ਬਾਵਜੂਦ ਇਸਦੇ ਕਿ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਹੇਠ ਐਲਾਨੇ ਗਏ ਪਹਿਲੇ 20 ਸ਼ਹਿਰਾਂ ਚੋਂ ਇੱਕ ਸੀ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਇਸ ਪ੍ਰਾਜੈਕਟ ਹੇਠ ਬਹੁਤ ਸਾਰਾ ਪੈਸਾ ਹਾਲੇ ਤੱਕ ਇਸਤੇਮਾਲ ਨਹੀਂ ਹੋ ਸਕਿਆ ਹੈ।
Maheshinder Grewal
ਜਿਸ ਦਾ ਕਾਰਨ ਇਹ ਹੈ ਕਿ ਕਾਂਗਰਸ ਦੇ ਐੱਮਪੀ ਤੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਨੂੰ ਇਸ ਪ੍ਰਾਜੈਕਟ ਨੂੰ ਲਾਗੂ ਕਰਵਾਉਣ ਚ ਕੋਈ ਰੂਚੀ ਜਾਂ ਇੱਛਾ ਨਹੀਂ ਹੈ। ਅਕਾਲੀ ਆਗੂ ਨੇ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਅਸਫ਼ਲ ਦੱਸਦਿਆਂ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ ਸਕੀਮ ਪੂਰੀ ਤਰ੍ਹਾਂ ਨਾਲ ਝੂਠ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਦੋ ਸਾਲਾਂ ਦੇ ਸ਼ਾਸਨਕਾਲ ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਤੋਂ ਕਿੱਥੇ ਜ਼ਿਆਦਾ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ 2019 ਦੀਆਂ ਆਮ ਚੋਣਾਂ ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਰੁੱਖ ਤਿਆਰ ਕਰਨਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦੋ ਸਾਲਾਂ ਚ ਅਵਿਵਸਥਾ ਨੇ ਲੋਕਾਂ ਦਾ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਮੋਹ ਭੰਗ ਕਰ ਦਿੱਤਾ ਹੈ ਤੇ ਇਸਦਾ ਪਤਾ 19 ਮਈ ਨੂੰ ਚੋਣਾਂ ਵਾਲੇ ਦਿਨ ਚੱਲ ਜਾਵੇਗਾ, ਜਦ ਲੋਕ ਇਸ ਸਰਕਾਰ ਨੂੰ ਇੱਕ ਕਰੜਾ ਸਬਕ ਸਿਖਾਉਣਗੇ। ਗਰੇਵਾਲ ਨੇ ਦਾਅਵਾ ਕੀਤਾ ਕਿ ਇੱਕ ਪਾਸੇ ਕੇਂਦਰ ਚ ਮੋਦੀ ਅਗਵਾਈ ਵਾਲੀ ਸਰਕਾਰ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਦੂਜੇ ਪਾਸੇ ਪੰਜਾਬ ਚ ਕਾਂਗਰਸ ਅਗਵਾਈ ਵਾਲੀ ਸਰਕਾਰ ਦੀ ਅਵਿਵਸਥਾ ਕਾਰਨ ਅਕਾਲੀ-ਭਾਜਪਾ ਗਠਜੋੜ ਬਹੁਤ ਚੰਗੀ ਸਥਿਤੀ ਚ ਹੈ।
ਉਨ੍ਹਾਂ ਕਿਹਾ ਕਿ ਲੋਕ ਨਰਿੰਦਰ ਮੋਦੀ ਨੂੰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਚੁਣਨ ਜਾ ਰਹੇ ਹਨ। ਅਜਿਹੇ ਚ ਦੇਸ਼ ਸਮੇਤ ਸੂਬੇ ਦੇ ਲੋਕਾਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਹੈ ਕਿ ਉਹ ਕਿਸਨੂੰ ਵੋਟ ਦੇਣਗੇ ਤੇ ਕਿਸਨੂੰ ਬਾਹਰ ਦਾ ਰਸਤਾ ਦਿਖਾਉਣਗੇ।
ਇਸ ਮੌਕੇ ਗਰੇਵਾਲ ਨਾਲ ਸੀਨੀਅਰ ਅਕਾਲੀ ਤੇ ਭਾਜਪਾ ਆਗੂ ਮੌਜੂਦ ਰਹੇ।