
143 ਲੋਕਾਂ ਨੂੰ ਹੋਮ ਕੁਆਰੰਟੀਨ ਕੀਤਾ, ਹਰਿਆਣਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 270 ਹੋਈ
ਪੰਚਕੂਲਾ, 23 ਅਪ੍ਰੈਲ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਵਿਚ 793 ਸ਼ੱਕੀ ਕੋਰੋਨਾ ਪੀੜਤ ਮਰੀਜ਼ਾਂ ਨੂੰ ਸਿਹਤ ਵਿਭਾਗ ਨੇ ਨਿਗਰਾਨੀ ਵਿਚ ਰਖਿਆ ਹੋਇਆ ਹੈ। ਇਨ੍ਹਾਂ ਵਿਚੋਂ 143 ਵਿਅਕਤੀਆਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ। ਇਹ ਸਾਰੇ ਜ਼ਿਲ੍ਹੇ ਭਰ ਵਿਚ ਬਣਾਏ ਗਏ ਕੁਆਰੰਟੀਨ ਕੁਆਟਰਾਂ ਵਿਚ ਰਹਿ ਰਹੇ ਹਨ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਨੁਸਾਰ 952 ਵਿਅਕਤੀਆਂ ਦੇ ਖ਼ੂਨ ਦੇ ਨਮੂਨੇ ਲਏ ਗਏ ਜਿਹਨਾਂ ਵਿਚੋਂ 733 ਵਿਅਕਤੀਆਂ ਦੇ ਨਮੂਨੇ ਨੈਗੇਟਿਵ ਆਏ। ਪੰਚਕੂਲਾ ਦੀ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਦਸਿਆ ਕਿ 200 ਜਮਾਤੀਆਂ ਦਾ ਕੁਆਰੰਟੀਨ ਪੀਰੀਅਡ ਵਧਾ ਦਿਤਾ ਗਿਆ ਹੈ। 7 ਜਮਾਤੀਆਂ ਦਾ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
ਪੰਚਕੂਲਾ ਵਿਚ ਲਾਕਡਾਊਨ ਕਾਰਨ ਚਾਹੁੰ ਪਾਸੇ ਸੁੰਨ ਫਿਰਾ ਹੈ। ਸੈਕਟਰ-12 ਦੇ ਕਾਫ਼ੀ ਹਿੱਸੇ ਨੂੰ ਕੰਟੋਨਮੈਂਟ ਏਰੀਆ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਸੈਕਟਰ-15 ਨੂੰ ਵੀ ਪਹਿਲਾਂ ਤੋਂ ਹੀ ਕੰਟੋਨਮੈਂਟ ਏਰੀਆ ਐਲਾਨਿਆ ਹੋਇਆ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਕੋਰੋਨਾ ਦੇ ਇਸ ਸੰਕਟ ਸਮੇਂ ਅਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਲੋਕਾਂ ਤੱਕ ਸਹੀ ਖ਼ਬਰ ਪਹੁੰਚ ਦਾ ਕੰਮ ਕਰ ਰਹੇ ਪੱਤਰਕਾਰਾਂ ਦੇ ਲਈ ਜੀਵਨ ਬੀਮਾ ਕਵਰ ਦੀ ਘੋਸ਼ਣਾ ਕੀਤੀ ਹੈ। ਮਨੋਹਰ ਲਾਲ ਖੱਟੜ ਨੇ ਪੱਤਰਕਾਰਾਂ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕੋਰੋਨਾ ਦੇ ਇਸ ਪੀਰੀਅਡ ਵਿਚ ਕੰਮ ਕਰਨ ਵਾਲੇ ਸਾਰੇ ਪੱਤਰਕਰਾਂ ਲਈ 10 ਲੱਖ ਦਾ ਜੀਵਨ ਬੀਮਾ ਕਵਰ ਕੀਤਾ ਜਾਵੇਗਾ।
ਹਰਿਆਣਾ ਵਿਚ ਪਾਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 270 ਹੋ ਗਈ। ਜਦਕਿ 162 ਮਰੀਜ਼ਾਂ ਨੂੰ ਕੋਰੋਨਾ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਛੁੱਟੀ ਦੇ ਦਿਤੀ ਗਈ। ਪੰਚਕੂਲਾ ਦੇ ਸੈਕਟਰ-6 ਸਥਿਤ ਸਿਹਤ ਵਿਭਾਗ ਦੇ ਹੈੱਡਕੁਆਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਪੀੜਤਾਂ ਦੀ ਸੰਖੀਆ ਅੰਬਾਲਾ-12, ਭਿਵਾਨੀ-3, ਫਰੀਦਾਬਾਦ-43, ਗੁਰੂਗ੍ਰਾਮ-45, ਹਿਸਾਰ-2, ਜੀਂਦ-2, ਕਰਨਾਲ-6, ਕੈਥਲ-2, ਕੁਰੂਕਸ਼ੇਤਰ-2, ਨੂੰਹ 57, ਪਲਵਲ-34, ਪਾਨੀਪਤ-5, ਪੰਚਕੂਲਾ-18, ਰੋਹਤਕ-3, ਸਿਰਸਾ-4, ਸੋਨੀਪਤ-13, ਯਮੁਨਾਨਗਰ-3, ਚਾਰਖੀ ਦਾਦਰੀ ਅਤੇ ਫਤੇਹਾਬਾਦ ਵਿੱਚ 1-1 ਕੋਰੋਨਾ ਪੀੜਤ ਮਰੀਜ਼ ਤੋਂ ਇਲਾਵਾ 14 ਇਟਾਲੀਅਨ ਹਨ। ਇਸ ਤੋਂ ਇਲਾਵਾ ਹਰਿਆਣਾ ਵਿੱਚ ਤਿੰਨ ਮੌਤਾਂ ਹੋਈਆਂ ਹਨ
ਪੰਚਕੂਲਾ ਸੈਕਟਰ 20 ਤੋਂ ਪੀਰ ਮਸੁੱਲਾ (ਪੰਜਾਬ) ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿਤੇ ਗਏ ਹਨ। ਜ਼ਿਲ੍ਹਾ ਪੁਲਿਸ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਦਸਿਆ ਗਿਆ ਕਿ ਸੈਕਟਰ 20 ਦੀਆਂ ਟ੍ਰੈਫ਼ਿਕ ਲਾਇਟਾਂ ਤੋਂ ਪੀਰ ਮੁਸੱਲਾ ਜਾਣ ਲਈ ਵਾਇਆ ਜ਼ੀਰਕਪੁਰ-ਢਕੋਲੀ ਜਾਣਾ ਪਵੇਗਾ। ਇਸੇ ਤਰ੍ਹਾਂ ਸੈਕਟਰ-15 ਪੰਚਕੂਲਾ, ਸੈਕਟਰ-12 ਦੇ ਰਸਤਿਆਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ।