
ਐੱਸਪੀ ਸਿੰਘ ਓਬਰਾਏ ਨੇ ਧੋਖੇ ਦਾ ਸ਼ਿਕਾਰ ਹੋਏ 6 ਨੌਜਵਾਨ ਲੜਕੇ - ਲੜਕੀਆਂ ਨੂੰ ਵੱਡੀ ਰਕਮ ਖ਼ਰਚ ਕੇ ਦੁਬਈ ਤੋਂ ਸੁਰੱਖਿਅਤ ਵਾਪਸ ਵਤਨ ਪਹੁੰਚਾਇਆ ਹੈ |
ਗੁਰਦਾਸਪੁਰ (ਨਿਤਿਨ ਲੂਥਰਾ): ਦੁਬਈ ਵਿਚ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਪੰਜਾਬ ਦੇ ਨੌਜਵਾਨ ਲੜਕੇ - ਲੜਕੀਆਂ ਦੀ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐੱਸਪੀ ਸਿੰਘ ਓਬਰਾਏ ਇਕ ਵਾਰ ਫਿਰ ਮਸੀਹਾ ਬਣ ਕੇ ਆਏ ਹਨ। ਬੀਤੇ ਦਿਨ ਐੱਸਪੀ ਸਿੰਘ ਓਬਰਾਏ ਨੇ ਧੋਖੇ ਦਾ ਸ਼ਿਕਾਰ ਹੋਏ 6 ਨੌਜਵਾਨ ਲੜਕੇ - ਲੜਕੀਆਂ ਨੂੰ ਵੱਡੀ ਰਕਮ ਖ਼ਰਚ ਕੇ ਦੁਬਈ ਤੋਂ ਸੁਰੱਖਿਅਤ ਵਾਪਸ ਵਤਨ ਪਹੁੰਚਾਇਆ ਹੈ |
SP Singh Oberoi, helped theses six young boys and girls
ਇਹਨਾਂ ਵਿਚੋਂ ਦੋ ਲੜਕੀਆਂ ਅਤੇ 4 ਲੜਕੇ ਸ਼ਾਮਲ ਸਨ। ਇਹ ਲੜਕੇ ਗੁਰਦਾਸਪੁਰ ਦੇ ਪਿੰਡ ਸ਼ੰਕਰਪੁਰੇ ਦੇ ਰਹਿਣ ਵਾਲੇ ਹਨ। ਗੱਲਬਾਤ ਦੌਰਾਨ ਨੌਜਵਾਨਾਂ ਨੇ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਉਹ ਅਪਣੇ ਘਰ ਦੇ ਹਾਲਾਤ ਸੁਧਾਰਨ ਲਈ ਭਾਰਤ ਤੋਂ ਦੁਬਈ ਗਏ ਸੀ ਪਰ ਏਜੰਟ ਨੇ ਉਹਨਾਂ ਨਾਲ ਧੋਖਾ ਕੀਤਾ।
SP Singh oberoi
ਨੌਜਵਾਨ ਨੇ ਦੱਸਿਆ ਕਿ ਏਜੰਟ ਨੇ ਉਹਨਾਂ ਨੂੰ ਟੂਰਿਸਟ ਵੀਜ਼ੇ ’ਤੇ ਦੁਬਈ ਭੇਜਿਆ ਸੀ ਤੇ ਕਿਹਾ ਸੀ ਕਿ ਉੱਥੇ ਜਾ ਕੇ ਉਹਨਾਂ ਦਾ ਵਰਕ ਵੀਜ਼ਾ ਲੱਗ ਜਾਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ। ਇਸ ਦੌਰਾਨ ਉਹਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਸੰਪਰਕ ਕੀਤਾ, ਜਿਨ੍ਹਾਂ ਦੀ ਮਦਦ ਨਾਲ ਉਹ ਵਾਪਸ ਵਤਨ ਪਰਤੇ। ਇਕ ਹੋਰ ਨੌਜਵਾਨ ਨੇ ਦੱਸਿਆ ਕਿ ਦੁਬਈ ਜਾਣ ਲਈ ਉਹਨਾਂ ਦੇ 65000 ਰੁਪਏ ਖਰਚਾ ਹੋ ਗਿਆ ਪਰ ਟੂਰਿਸਟ ਵੀਜ਼ਾ ਖਤਮ ਹੋਣ ਮਗਰੋਂ ਉਹਨਾਂ ਨੂੰ ਜੁਰਮਾਨਾ ਵੀ ਹੋਇਆ ਜੋ ਕਿ ਐੱਸਪੀ ਸਿੰਘ ਓਬਰਾਏ ਵੱਲੋਂ ਭਰਿਆ ਗਿਆ।
SP Singh Oberoi, helped theses six young boys and girls
ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਏਜੰਟ ਦੇ ਝਾਂਸੇ ਵਿਚ ਆਏ ਇਹਨਾਂ ਨੌਜਵਾਨਾਂ ਨੂੰ ਐਸਪੀ ਸਿੰਘ ਓਬਰਾਏ ਨੇ ਅਪਣੇ ਖਰਚੇ ’ਤੇ ਭਾਰਤ ਪਹੁੰਚਾਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੁਬਈ ਵਿਚ ਨੌਜਵਾਨਾਂ ਦਾ ਖਰਚਾ ਵੀ ਚੁੱਕਿਆ। ਉਹਨਾਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਕੰਮ ਲਈ ਵਿਦੇਸ਼ ਜਾਣ ਸਮੇਂ ਸਹੀ ਢੰਗ ਅਤੇ ਸਹੀ ਏਜੰਟ ਦੀ ਚੋਣ ਕੀਤੀ ਜਾਵੇ। ਇਸ ਮੌਕੇ ਪਰਿਵਾਰ ਤੇ ਨੌਜਵਾਨਾਂ ਨੇ ਐੱਸਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ।