
ਹਾਈ ਕੋਰਟ ਨੇ ਆਖ਼ਰ 89 ਪੰਨਿਆਂ ਵਾਲਾ ਫ਼ੈਸਲਾ ਜਾਰੀ ਕੀਤਾ
ਅਦਾਲਤ ਨੇ ਨਵੀਂ ਸਿਟ ਗਠਿਤ ਕਰਨ ਦਾ ਦਿਤਾ ਹੁਕਮ
ਚੰਡੀਗੜ੍ਹ, 23 ਅਪ੍ਰੈਲ (ਸੱਤੀ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ੁਕਰਵਾਰ ਨੂੰ ਕੋਟਕਪੂਰਾ ਗੋਲੀਕਾਂਡ ਦੀ ਐਸ.ਆਈ.ਟੀ. ਰੀਪੋਰਟ ਨੂੰ ਖ਼ਾਰਜ ਕਰਨ ਵਾਲੇ ਫ਼ੈਸਲੇ ਦਾ 89 ਸਫ਼ਿਆਂ ਦਾ ਹੁਕਮ ਅੱਜ ਜਨਤਕ ਕਰ ਦਿਤਾ ਹੈ | ਇਸ ਮਾਮਲੇ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸਰਗਰਮ ਅਗਵਾਈ ਵਾਲੀ ਐਸ.ਆਈ.ਟੀ. ਦੀ ਜਾਂਚ ਰੀਪੋਰਟ ਨੂੰ ਖ਼ਾਰਜ ਕਰਨ ਵਾਲਾ ਫ਼ੈਸਲਾ ਜਸਟਿਸ ਰਾਜਬੀਰ ਸਿੰਘ ਸ਼ੇਰਾਵਤ ਦੇ ਦਸਤਖ਼ਤਾਂ ਹੇਠ ਅੱਜ ਜਾਰੀ ਕੀਤਾ ਗਿਆ |
ਅਦਾਲਤ ਨੇ ਜਾਂਚ ਰੀਪੋਰਟ 'ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਇਸ ਨੂੰ ਖਾਰਜ ਕੀਤਾ ਹੈ | ਨਵੀਂ ਐਸ.ਆਈ.ਟੀ. ਗਠਿਤ ਕਰਨ ਦਾ ਹੁਕਮ ਦਿਤਾ ਗਿਆ ਹੈ ਪਰ ਇਸ ਵਿਚ ਸਪਸ਼ਟ ਕਿਹਾ ਗਿਆ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨਵੇਂ ਐਸ.ਆਈ.ਟੀ. ਦੇ ਮੈਂਬਰ ਨਹੀਂ ਹੋਣਗੇ | ਜਾਰੀ ਹੁਕਮਾਂ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਬਾਰੇ ਵੀ ਕਈ ਸਖ਼ਤ ਟਿਪਣੀਆਂ ਕੀਤੀਆਂ ਗਈਆਂ ਹਨ | ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਨਵੀਂ ਬਣਾਈ ਸਿੱਟ ਵਿਚ ਸਰਕਾਰ ਅਪਣੇ ਪੱਧਰ 'ਤੇ ਕੋਈ ਤਬਦੀਲੀ ਵੀ ਨਹੀਂ ਕਰ ਸਕਦੀ ਤੇ ਇਹ ਸਿੱਟ ਕੇਵਲ ਮੈਜਿਸਟ੍ਰੇਟ ਨੂੰ ਹੀ ਜਵਾਬਦੇਹ ਹੋਵੇਗੀ ਤੇ ਸਰਕਾਰ ਤੇ ਪੁਲਿਸ ਨੂੰ ਇਹ ਸਿੱਟ ਰੀਪੋਰਟ ਨਹੀਂ ਕਰੇਗੀ | ਅਦਾਲਤ ਨੇ ਕੁੰਵਰ ਵਿਜੈ ਪ੍ਰਤਾਪ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਵਲੋਂ ਕੀਤੀ ਜਾਂਚ ਨਿਰਪੱਖ ਨਹੀਂ ਸੀ ਇਸ ਲਈ ਖ਼ਾਰਜ ਕੀਤੀ ਗਈ ਹੈ | ਅਦਾਲਤ ਨੇ ਅਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਤਿੰਨ ਮੈਂਬਰੀ ਸਿੱਟ ਦਾ ਗਠਨ ਕੀਤਾ ਜਾਵੇ | ਸਰਕਾਰ ਨੂੰ ਹੁਕਮ ਜਾਰੀ ਕਰਦਿਆਂ ਅਦਾਲਤ ਨੇ ਕਿਹਾ ਹੈ ਕਿ ਸਰਕਾਰ ਸਿੱਟ ਦੀ ਜਾਂਚ ਵਿਚ ਦਖ਼ਲਅੰਦਾਜ਼ੀ ਨਹੀਂ ਕਰੇਗੀ |
ਅਦਾਲਤ ਨੇ ਇਹ ਵੀ ਹੁਕਮ ਦਿਤਾ ਹੈ ਕਿ ਸਿੱਟ ਦੇ ਸਾਰੇ ਮੈਂਬਰ ਮਿਲ ਜੁਲ ਕੇ ਕੰਮ ਕਰਨਗੇ ਤੇ ਫ਼ਾਈਨਲ ਰੀਪੋਰਟ 'ਤੇ ਸਾਰੇ ਮੈਂਬਰਾਂ ਦੇ ਦਸਤਖ਼ਤ ਹੋਣੇ ਚਾਹੀਦੇ ਹਨ | ਇਸ ਦੇ ਨਾਲ ਹੀ ਅਦਾਲਤ ਨੇ ਜਾਂਚ ਪੂਰੀ ਕਰਨ ਦਾ
ਸਮਾਂ ਵੀ 6 ਮਹੀਨੇ ਤੈਅ ਕੀਤਾ ਹੈ | ਨਵੀਂ ਸਿੱਟ ਸਬੰਧੀ ਅਦਾਲਤ ਨੇ ਕਿਹਾ ਹੈ ਕਿ ਜਿੰਨਾ ਚਿਰ ਜਾਂਚ ਦੀ ਫ਼ਾਈਨਲ ਰੀਪੋਰਟ ਅਦਾਲਤ ਵਿਚ ਪੇਸ਼ ਨਹੀਂ ਹੁੰਦੀ, ਉਨਾ ਚਿਰ ਰੀਪੋਰਟ ਦਾ ਕੋਈ ਵੀ ਹਿੱਸਾ ਲੀਕ ਨਹੀਂ ਹੋਣਾ ਚਾਹੀਦਾ | ਇਹ ਵੀ ਕਿਹਾ ਗਿਆ ਹੈ ਕਿ ਸਿੱਟ ਦਾ ਕੋਈ ਵੀ ਮੈਂਬਰ ਮੀਡੀਆ ਵਿਚ ਨਹੀਂ ਜਾਵੇਗਾ |