
ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ 5 ਨੌਜਵਾਨਾਂ ’ਤੇ ਮਹਿਲਾ ਨੂੰ ਜ਼ਬਰਦਸਤੀ ਕਾਰ ਹੇਠ ਦੇ ਕੇ ਮਾਰਨ ਦੇ ਦੋਸ਼ ਲਗਾਏ ਹਨ।
ਮਲੋਟ : ਭਰਾ ਦੀ ਕੁੱਟਮਾਰ ਹੁੰਦੀ ਦੇਖ ਬਚਾਉਣ ਆਈ ਭੈਣ ਨੂੰ ਦਰਦਰਨਾਕ ਮੌਤ ਮਿਲੀ ਹੈ। ਇਹ ਘਟਨਾ ਗਿੱਦੜਬਾਹਾ-ਮਲੋਟ ਰੋਡ ’ਤੇ ਸਥਿਤ ਮਾਰਕਫੈੱਡ ਪਲਾਂਟ ਨੇੜੇ ਵਾਪਰੀ ਜਿੱਥੇ ਆਪਣੇ ਭਰਾ ਨੂੰ ਲੜਾਈ ਵਿਚ ਦੂਜੀ ਧਿਰ ਕੋਲੋਂ ਬਚਾਉਣ ਆਈ ਭੈਣ ਦੀ ਭੇਤਭਰੇ ਹਾਲਾਤ ਵਿਚ ਦੂਜੀ ਧਿਰ ਦੀ ਕਾਰ ਹੇਠ ਆਉਣ ਕਾਰਨ ਮੌਤ ਹੋ ਗਈ। ਜਦਕਿ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ 5 ਨੌਜਵਾਨਾਂ ’ਤੇ ਮਹਿਲਾ ਨੂੰ ਜ਼ਬਰਦਸਤੀ ਕਾਰ ਹੇਠ ਦੇ ਕੇ ਮਾਰਨ ਦੇ ਦੋਸ਼ ਲਗਾਏ ਹਨ।
ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਮੌਜੂਦ ਅਰਜੁਨ ਪੁੱਤਰ ਸ਼ਿਵ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਸ ਦਾ ਦੀਪੂ, ਗੋਰਾ, ਰਵਿੰਦਰ ਕੁਮਾਰ, ਕਾਲਾ ਅਤੇ ਬਬਲੀ ਆਦਿ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ’ਤੇ ਉਕਤ ਵਿਅਕਤੀ ਉਸ ਦੀ ਕੁੱਟਮਾਰ ਕਰਨ ਲੱਗੇ। ਇਸੇ ਦੌਰਾਨ ਉਸ ਨੇ ਨਜ਼ਦੀਕ ਹੀ ਰਹਿੰਦੀ ਆਪਣੀ ਵਿਆਹੁਤਾ ਭੈਣ ਮਾਲਾ ਰਾਣੀ ਪਤਨੀ ਸੁਨੀਲ ਕੁਮਾਰ ਨੂੰ ਉਕਤ ਨੌਜਵਾਨਾਂ ਤੋਂ ਛੁਡਾਉਣ ਲਈ ਬੁਲਾਇਆ।
ਜਦੋਂ ਮਾਲਾ ਰਾਣੀ ਲੜਾਈ ਵਾਲੀ ਜਗ੍ਹਾ 'ਤੇ ਪੁੱਜੀ ਤਾਂ ਉਕਤ ਵਿਅਕਤੀ ਜੋ ਸੈਂਟਰੋ ਕਾਰ ’ਤੇ ਆਏ ਸਨ, ਉਹ ਮੁੜ ਕਾਰ ਵਿਚ ਸਵਾਰ ਹੋਏ ਅਤੇ ਉਨ੍ਹਾਂ ਨੇ ਕਾਰ ਨੂੰ ਜਦੋਂ ਅਰਜੁਨ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਕਾਰ ਉਸ ਦੀ ਭੈਣ ਦੀਆਂ ਦੋਵਾਂ ਲੱਤਾਂ ਉਪਰ ਚੜ੍ਹ ਗਈ ਜਦਕਿ ਉਕਤ ਵਿਅਕਤੀਆਂ ਨੇ ਕਾਰ ਨੂੰ ਮੁੜ ਪਿੱਛੇ ਕਰਦੇ ਹੋਏ ਉਸ ਦੀ ਭੈਣ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਅਤੇ ਉਹ ਆਪ ਮੌਕੇ ਤੋਂ ਫਰਾਰ ਹੋ ਗਏ।
ਅਰਜੁਨ ਨੇ ਦੱਸਿਆ ਕਿ ਉਹ ਗੰਭੀਰ ਜ਼ਖ਼ਮੀ ਆਪਣੀ ਭੈਣ ਮਾਲਾ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲਿਆਏ, ਜਿੱਥੋਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਮਾਲਾ ਰਾਣੀ ਦੀ ਬਠਿੰਡਾ ਵਿਖੇ ਮੌਤ ਹੋ ਗਈ। ਦੂਜੇ ਪਾਸੇ ਥਾਣਾ ਗਿੱਦੜਬਾਹਾ ਪੁਲਿਸ ਨੇ ਮਾਲਾ ਰਾਣੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲਿਆਂਦਾ, ਜਿੱਥੇ ਮ੍ਰਿਤਕ ਮਾਲਾ ਦੇ ਪਰਿਵਾਰਕ ਮੈਂਬਰਾਂ ਵਿਚੋਂ ਸਵਾਤੀ ਰਾਣੀ ਅਤੇ ਭੈਣ ਜੋਤੀ ਨੇ ਕਿਹਾ ਕਿ ਜਦੋਂ ਤੱਕ ਮਾਲਾ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਅੰਤਿਮ ਸਸਕਾਰ ਨਹੀਂ ਕਰਨਗੇ। ਇਸ ਸਬੰਧੀ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਾਲਾ ਰਾਣੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।