
ਫ਼ੇਸਬੁਕ ਲਾਈਵ ਪ੍ਰੋਗਰਾਮ
ਪਟਿਆਲਾ, 23 ਮਈ (ਤੇਜਿੰਦਰ ਫ਼ਤਿਹਪੁਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਅਪਣੀ ਜੰਗ ‘ਮਿਸ਼ਨ ਫ਼ਤਹਿ’ ਦੌਰਾਨ ਅਰੰਭ ਕੀਤੇ ਗਏ ਵਿਸ਼ੇਸ਼ ਫ਼ੇਸਬੁਕ ਲਾਈਵ ਪ੍ਰੋਗਰਾਮ ‘ਆਸਕ ਕੈਪਟਨ’ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਦੋ ਵਸਨੀਕਾਂ ਨੇ ਵੀ ਆਪਣੇ ਸਵਾਲ ਪੁੱਛੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਲਾਈਵ ਪ੍ਰੋਗਰਾਮ ਕੈਪਟਨ ਨੂੰ ਪੁੱਛੋ ਦਾ ਹਿੱਸਾ ਬਣੇ ਪੰਜਾਬੀਆਂ ਨੇ ਕੋਰੋਨਾ ਵਾਇਰਸ ਸਮੇਤ ਪੰਜਾਬ ਦੀ ਸਥਿਤੀ ਸਮੇਤ ਹੋਰ ਕਈ ਤਰ੍ਹਾਂ ਦੇ ਸਵਾਲ ਪੁੱਛੇ।
File photo
ਇਨ੍ਹਾਂ ਵਿੱਚ ਸ਼ਾਮਲ ਪਟਿਆਲਾ ਵਾਸੀ ਰੋਹਿਤ ਗੁਪਤਾ ਨੇ ਜਿੰਮ ਖੋਲ੍ਹਣ ’ਤੇ ਲਾਈ ਪਾਬੰਦੀ ਹਟਾਉਣ ਬਾਰੇ ਅਪਣਾ ਸਵਾਲ ਕੀਤਾ ਅਤੇ ਪਾਤੜਾਂ ਦੇ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਉਸਦਾ ਫਿਟਨੈਸ ਟ੍ਰੇਨਰ ਅਪਣੀ ਨੌਕਰੀ ਗਵਾ ਚੁੱਕਾ ਹੈ, ਇਸ ਲਈ ਜਿੰਮ ਖੋਲ੍ਹੇ ਜਾਣ। ਇਨ੍ਹਾਂ ਸਵਾਲਾਂ ਦਾ ਉਤਰ ਦਿੰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ‘‘ਇਸ ਬਾਰੇ 31 ਮਈ ਨੂੰ ਹੀ ਕੁੱਝ ਦਸਿਆ ਜਾ ਸਕੇਗਾ ਕਿਉਂਕਿ ਕੋਰੋਨਾ ਵਾਇਰਸ ਇਕ ਕੌਮੀ ਆਫ਼ਤ ਹੈ ਅਤੇ ਸਾਰੇ ਸੂਬਿਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮ ਮੰਨਣੇ ਪੈਂਦੇ ਹਨ। ਇਸ ਲਈ ਜਿਵੇਂ ਤੁਸੀਂ ਪਿਛਲੇ ਦੋ ਮਹੀਨਿਆਂ ਤੋਂ ਕਸ਼ਟ ਕੱਟਿਆ ਹੈ, ਕੁੱਝ ਦਿਨ ਹੋਰ ਇੰਤਜ਼ਾਰ ਕੀਤਾ ਜਾਵੇ।’’ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਵਲੋਂ ਮਿਸ਼ਨ ਫ਼ਤਹਿ ਦੌਰਾਨ ਪੰਜਾਬ ਨੂੰ ਇਸ ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਸਮਾਜਿਕ ਵਿੱਥ, ਮਾਸਕ ਪਾਉਣ ਅਤੇ ਹੱਥ ਵਾਰ-ਵਾਰ ਧੋਹਣ ’ਤੇ ਪਹਿਰਾ ਦੇ ਕੇ ਸਹਿਯੋਗ ਦੇਣ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।