
ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ’ਤੇ ਜਬਰ-ਜਨਾਹ ਦਾ ਦੋਸ਼
ਲਖਨਊ, 23 ਜੂਨ : ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜਵੀ ’ਤੇ ਡਰਾਇਵਰ ਦੀ ਪਤਨੀ ਨੇ ਜਬਰ-ਜਨਾਹ ਦਾ ਦੋਸ਼ ਲਾ ਕੇ ਲਖਨਊ ਦੇ ਸ਼ਹਾਦਤਗੰਜ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਨੇ ਰਿਜਵੀ ’ਤੇ ਅਸ਼ਲੀਲ ਵੀਡੀਉ ਅਤੇ ਫ਼ੋਟੋ ਰਾਹੀਂ ਧਮਕਾਉਣ ਦਾ ਵੀ ਦੋਸ਼ ਲਗਾਇਆ ਹੈ। ਪੀੜਤਾ ਦੇ ਪਤੀ ਦਾ ਕਹਿਣਾ ਹੈ ਕਿ ਜਦੋਂ ਮੈਂ ਇਸ ਸਬੰਧੀ ਵਸੀਮ ਰਿਜਵੀ ਨਾਲ ਗੱਲ ਕਰਨ ਗਿਆ ਤਾਂ ਉਨ੍ਹਾਂ ਨੇ ਮੈਨੂੰ ਮਾਰਿਆ ਅਤੇ ਨੌਕਰੀ ਤੋਂ ਕੱਢ ਦਿਤਾ। ਪੀੜਤਾ ਦੇ ਪਤੀ ਨੇ ਦਸਿਆ ਕਿ ਜਿਸ ਮਕਾਨ ’ਚ ਰਹਿੰਦੇ ਸਨ ਉਹ ਵੀ ਰਿਜਵੀ ਨੇ ਹੀ ਦਿਤਾ ਸੀ ਅਤੇ ਇਸ ਘਟਨਾ ਤੋਂ ਬਾਅਦ ਉਹ ਵੀ ਉਨ੍ਹਾਂ ਨੇ ਖ਼ਾਲੀ ਕਰਵਾ ਲਿਆ। ਪੀੜਤਾ ਨੇ ਦਸਿਆ ਕਿ ਰਿਜਵੀ ਪਤੀ ਨੂੰ ਡਿਊਟੀ ’ਤੇ ਬਾਹਰ ਭੇਜ ਦਿੰਦਾ ਸੀ ਅਤੇ ਉਸ ਤੋਂ ਬਾਅਦ ਉਸ ਨਾਲ ਜਬਰ-ਜਨਾਹ ਕਰਦਾ ਸੀ। ਇਸ ਦੌਰਾਨ ਰਿਜਵੀ ਨੇ ਕੁਝ ਅਸ਼ਲੀਲ ਵੀਡੀਉ ਅਤੇ ਫ਼ੋਟੋਆਂ ਵੀ ਲੈ ਲਈਆਂ ਹਨ। ਉਥੇ ਹੀ ਇਸ ਵਿਵਾਦ ’ਤੇ ਵਸੀਮ ਰਿਜਵੀ ਦਾ ਕਹਿਣਾ ਹੈ ਕਿ ਸਾਰੇ ਦੋਸ਼ ਮਨ-ਘੜਤ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਹ ਮੇਰੇ ਇੱਥੇ ਨੌਕਰੀ ਕਰਦਾ ਸੀ ਪਰ ਕੁਝ ਦਿਨਾਂ ਪਹਿਲਾਂ ਕੁਰਾਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਡਰਾਈਵਰ ਮੇਰੇ ਦੁਸ਼ਮਣਾਂ ਨਾਲ ਮਿਲ ਗਿਆ ਸੀ। ਮੇਰੇ ਹਰ ਮੂਵਮੈਂਟ ਦੀ ਜਾਣਕਾਰੀ ਮੇਰੇ ਵਿਰੋਧੀਆਂ ਨੂੰ ਦੇ ਰਹੇ ਸੀ। ਇਸ ਨਾਲ ਮੇਰੀ ਜਾਨ ਨੂੰ ਖ਼ਤਰਾ ਵਧ ਗਿਆ ਸੀ। ਇਸ ਲਈ ਇਸ ਨੂੰ ਨੌਕਰੀ ਤੋਂ ਕੱਢ ਦਿਤਾ। (ਏਜੰਸੀ)