
ਕੁਲਚੇ ਵੇਚਣ ਵਾਲੇ 'ਆਪ' ਵਰਕਰ ਰਣਦੀਪ ਸਿੰਘ ਦੀ ਰੇਹੜੀ 'ਤੇ ਪਹੁੰਚੇ ਜਰਨੈਲ ਸਿੰਘ
ਫ਼ਤਿਹਗੜ੍ਹ ਸਾਹਿਬ/ਸਰਹਿੰਦ, 23 ਜੂਨ (ਇੰਦਰਪ੍ਰੀਤ ਬਖਸ਼ੀ/ਅਮਰਬੀਰ ਚੀਮਾ) : ਆਮ ਆਦਮੀ ਪਾਰਟੀ ਦੇ ਵਰਕਰ ਦੀ ਬੀਤੇ ਦਿਨੀਂ ਕੁਲਚਿਆਂ ਦੀ ਰੇਹੜੀ 'ਤੇ ਕੰਮ ਕਰਦਿਆਂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਉ ਵੇਖ ਕੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਅੱਜ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਰਣਦੀਪ ਸਿੰਘ ਸੋਢੀ ਨੂੰ ਮਿਲਣ ਫ਼ਤਿਹਗੜ੍ਹ ਸਾਹਿਬ ਪਹੁੰਚੇ ਅਤੇ ਬਰਗਰ ਖਾਇਆ |
ਦਸਣਯੋਗ ਹੈ ਕਿ ਰਣਦੀਪ ਸਿੰਘ ਸੋਢੀ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਹਨ ਅਤੇ ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਸੀ | ਉਸ ਪਿੱਛੋਂ ਉਨ੍ਹਾਂ ਦਾ ਸ਼ੋਅਰੂਮ ਜੋ ਕਿ ਜੁੱਤਿਆਂ ਦਾ ਵਪਾਰ ਸੀ, ਪਾਰਟੀ ਲਈ ਪ੍ਰਚਾਰ ਕਰਦੇ ਹੋਏ ਉਸਦਾ ਕੰਮ ਠੱਪ ਹੋ ਗਿਆ ਸੀ, ਪੰ੍ਰਤੂ ਫਿਰ ਵੀ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ | ਅੱਜ-ਕਲ ਉਹ ਸਰਦਾਰ ਜੀ ਫਾਸਟ ਫ਼ੂਡ ਨਾਮ ਦੀ ਸਰਹਿੰਦ ਚੰਡੀਗੜ੍ਹ ਰੋਡ 'ਤੇ ਫ਼ਤਿਹਗੜ੍ਹ ਸਾਹਿਬ ਵਿਖੇ ਰੇਹੜੀ ਲਗਾ ਕੇ ਕੰਮ ਕਰ ਰਹੇ ਹਨ | ਰਣਦੀਪ ਸਿੰਘ ਸੋਢੀ ਨੂੰ ਜਰਨੈਲ ਸਿੰਘ ਵਲੋਂ ਸਿਰੋਪਾ ਪਾ ਕੇ ਸਨਮਾਨਤ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਭਾਰੀ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ | ਇਸ ਲਈ ਪਾਰਟੀ ਹਮੇਸ਼ਾਂ ਉਨ੍ਹਾਂ ਦੇ ਦੁੱਖ-ਸੁੱਖ ਵਿਚ ਉਨ੍ਹਾਂ ਨਾਲ ਖੜ੍ਹਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਮੀਡੀਆ ਦੇ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਾਰਟੀ ਦੇ ਪੁਰਾਣੇ ਆਗੂ ਰਣਦੀਪ ਸਿੰਘ ਸੋਢੀ ਮਾੜੇ ਵਿੱਤੀ ਹਾਲਤਾ ਵਿਚੋਂ ਲੰਘ ਰਹੇ ਹਨ ਅਤੇ ਹੁਣ ਪਹਿਲਾਂ ਵਾਂਗ ਆਮ ਆਦਮੀ ਪਾਰਟੀ ਲਈ ਸਮਾਂ ਨਹੀਂ ਕੱਢ ਪਾ ਰਹੇ ਤਾਂ ਉਹ ਸੋਢੀ ਨੂੰ ਮਿਲਣ ਲਈ ਪਹੁੰਚੇ ਹਨ | ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਜੋ ਆਪ ਦੇ ਵਰਕਰ ਨਿਰਾਸ਼ ਹੋ ਕੇ ਬੈਠ ਗਏ ਸਨ, ਉਨ੍ਹਾਂ ਨੂੰ ਸਬਰ ਰਖਣਾ ਚਾਹੀਦਾ ਤੇ ਮਿਹਨਤ ਨਹੀਂ ਛੱਡਣੀ ਚਾਹੀਦੀ | ਉਨ੍ਹਾਂ ਕਿਹਾ ਕਿ 2017 ਵਿਚ ਜੋ ਕਸਰ ਰਹਿ ਗਈ ਸੀ, ਅਗਲੇ ਸਾਲ 2022 ਵਿਚ ਲੋਕ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਉਹ ਕਸਰ ਪੂਰੀ ਕਰਨਗੇ | ਉਨ੍ਹਾਂ ਕਿਹਾ ਕਿ ਜਲਦ ਹੀ ਆਮ ਆਦਮੀ ਪਾਰਟੀ ਵਲੋਂ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਜਾਵੇਗਾ |
ਇਸ ਮੌਕੇ ਵਿਧਾਇਕ ਮੀਤ ਹੇਅਰ, ਜ਼ਿਲਾ ਪ੍ਰਧਾਨ ਅਜੈ ਸਿੰਘ ਲਿਬੜਾ, ਸੀਨੀਅਰ ਆਗੂ ਪ੍ਰਦੀਪ ਮਲਹੋਤਰਾ, ਟ੍ਰੇਡ ਵਿੰਗ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਲਖਵੀਰ ਸਿੰਘ ਰਾਏ, ਮੁੱਖ ਬੁਲਾਰਾ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਸਾਬਕਾ ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ, ਜ਼ਿਲਾ ਯੂਥ ਦੇ ਪ੍ਰਧਾਨ ਰਸ਼ਪਿੰਦਰ ਸਿੰਘ ਰਾਜਾ, ਜ਼ਿਲਾ ਪ੍ਰਧਾਨ ਐੱਸ.ਸੀ. ਵਿੰਗ ਰੁਪਿੰਦਰ ਸਿੰਘ ਹੈਪੀ, ਰਮੇਸ਼ ਕੁਮਾਰ ਸੋਨੂੰ, ਪਿ੍ਤਪਾਲ ਸਿੰਘ, ਬਲਵੀਰ ਸਿੰਘ ਸੋਢੀ ਆਦਿ ਹਾਜ਼ਰ ਸਨ |
ਇਹ ਕੈਪਸ਼ਨ ਫਾਇਲ 23-03 ਦੀ ਹੈ |
ਆਪ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ 'ਆਪ' ਵਰਕਰ ਰਣਦੀਪ ਸਿੰਘ ਸੋਢੀ ਨੂੰ ਸਨਮਾਨਿਤ ਕਰਦੇ ਹੋਏ | (ਇੰਦਰਪ੍ਰੀਤ ਬਖਸ਼ੀ)