
ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ
ਹੁਸ਼ਿਆਰਪੁਰ - ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਇੱਕ ਸਮੱਗਲਰ ਨੂੰ ਸ਼ਰਾਬ ਦੀਆਂ 30 ਨਜਾਇਜ਼ ਪੇਟੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਮੁਲਜ਼ਮ ਦੀ ਪਹਿਚਾਣ ਗੁਰਦਿਆਲ ਵਾਸੀ ਪਿੰਡ ਮੰਡੇਰਾ ਵਜ੍ਹੋਂ ਹੋਈ ਹੈ ਜੋ ਕਿ ਆਪਣੀ ਗੱਡੀ ਵਿਚ ਚੰਡੀਗੜ੍ਹ ਤੋਂ ਸ਼ਰਾਬ ਦੀਆਂ ਇਹ ਪੇਟੀਆਂ ਲੈ ਕੇ ਹੁਸ਼ਿਆਰਪੁਰ ਵਿਚ ਸਪਲਾਈ ਦੇਣ ਆ ਰਿਹਾ ਸੀ। ਏ.ਐਸ.ਆਈ. ਸੁਖਵਿੰਦਰ ਨੇ ਦੱਸਿਆ ਸੀ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ ਤੇ ਹੁਣ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਪਤਾ ਚੱਲ ਸਕੇ ਕਿ ਇਸ ਨੇ ਕਿਸ ਵਿਅਕਤੀ ਨੂੰ ਇਹ ਸਪਲਾਈ ਦੇਣੀ ਸੀ।
ਹੁਸ਼ਿਆਰਪੁਰ ਵਿਚ ਲਗਾਤਾਰ ਫੜੀ ਜਾ ਰਹੀ ਨਜਾਇਜ਼ ਸ਼ਰਾਬ ਕਾਰਨ ਜ਼ਿਲ੍ਹੇ ਦਾ ਐਕਸਾਈਜ ਵਿਭਾਗ ਵੀ ਚਰਚਾ ਵਿਚ ਹੈ ਕਿਉਂਕਿ ਕੁਝ ਠੇਕੇਦਾਰਾਂ ਦਾ ਮੰਨਣਾ ਹੈ ਕਿ ਐਕਸਾਈਜ ਵਿਭਾਗ ਦੇ ਕੁਝ ਅਧਿਕਾਰੀ ਦੋ ਨੰਬਰ ਦੀ ਸ਼ਰਾਬ ਵੇਚਣ ਵਾਲੇ ਲੋਕਾਂ ਦੀ ਕਥਿਤ ਤੌਰ ਉੱਪਰ ਪੁਸ਼ਤਪਨਾਹੀ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਵੀ ਨਜਾਇਜ਼ ਸ਼ਰਾਬ ਪੁਲਿਸ ਫੜਦੀ ਹੈ ਉਸ ਦਾ ਪੂਰਾ ਰਿਕਾਰਡ ਐਕਸਾਈਜ ਵਿਭਾਗ ਕੋਲ ਮੌਜੂਦ ਹੁੰਦਾ ਹੈ ਕਿ ਇਹ ਸ਼ਰਾਬ ਕਿਸ ਡਿਸਟਿਲਰੀ ਤੋਂ ਕਿਸ ਠੇਕੇਦਾਰ ਨੂੰ ਸਪਲਾਈ ਹੋਈ ਸੀ
ਪਰ ਇਸ ਦੇ ਬਾਵਜੂਦ ਵਿਭਾਗ ਉਨ੍ਹਾਂ ਠੇਕੇਦਾਰਾਂ ਖਿਲਾਫ਼ ਕਾਰਵਾਈ ਨਹੀਂ ਕਰਦਾ ਜੋ ਨਜਾਇਜ਼ ਸ਼ਰਾਬ ਦੂਸਰੇ ਠੇਕੇਦਾਰਾਂ ਦੇ ਸਰਕਲਾਂ ਵਿਚ ਜਾ ਕੇ ਵੇਚਦੇ ਹਨ। ਇੱਕ ਠੇਕੇਦਾਰ ਨੇ ਤਾਂ ਇਹ ਵੀ ਦੱਸਿਆ ਕਿ ਐਕਸਾਈਜ ਵਿਭਾਗ ਵਿਚ ਤੈਨਾਤ ਇੱਕ ਵੱਡੇ ਅਧਿਕਾਰੀ ਵੱਲੋਂ ਸ਼ਰਾਬ ਦੇ ਇੱਕ ਠੇਕੇਦਾਰ ਨਾਲ ਹਿੱਸੇਦਾਰੀ ਤੱਕ ਪਾਈ ਹੋਈ ਹੈ ਤੇ ਇਸੇ ਕਾਰਨ ਉਸ ਠੇਕੇਦਾਰ ਵੱਲੋਂ ਆਪਣੇ ਸਰਕਲ ਵਿਚ ਅਲਾਟ ਹੋਏ ਠੇਕਿਆਂ ਤੋਂ ਕਿਤੇ ਵੱਧ ਠੇਕੇ ਖੋਲ੍ਹ ਕੇ ਸ਼ਰਾਬ ਵੇਚੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਮਾਮਲੇ ਵਿਚ ਜਾਂਚ ਕਰਵਾਏ ਤਾਂ ਸੱਚ ਸਾਹਮਣੇ ਆ ਸਕਦਾ ਹੈ।