
ਜੀਵਨਜੋਤ ਸਕੀਮ ਤਹਿਤ ਕੀਤੀ ਗਈ ਕਾਰਵਾਈ
Zirakpur News: ਭੀਖ ਮੰਗਦੇ ਬੱਚਿਆਂ ਦੇ ਬਚਾਅ ਲਈ ਮਾਨ ਸਰਕਾਰ ਦੀ ਮੁਹਿੰਮ ‘ਆਪਰੇਸ਼ਨ ਜੀਵਨਜੋਤ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਬਾਲ ਭਿੱਖਿਆ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਬਾਲ ਭਲਾਈ ਟੀਮ ਨੇ ਸ਼ਹਿਰ ਵਿਖੇ ਛਾਪਾਮਾਰੀ ਕੀਤੀ ਤੇ ਭੀਖ ਮੰਗਦੇ 7 ਬੱਚਿਆਂ ਨੂੰ ਬਚਾਇਆ ਗਿਆ ਹੈ।
ਇਸ ਮੌਕੇ ਅਧਿਕਾਰੀ ਨਵਪ੍ਰੀਤ ਕੌਰ ਨੇ ਦੱਸਿਆ ਹੈ ਕਿ ਡੀਸੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਨੂੰ ਭੀਖ ਮੁਕਤ ਕਰਨ ਲਈ ਚਲਾਈ ਮੁਹਿੰਮ ਤਹਿਤ ਕੀਤੀ ਗਈ ਇਸ ਕਾਰਵਾਈ ਦੇ ਅਧੀਨ ਫੜੇ ਗਏ ਇਨ੍ਹਾਂ ਬੱਚਿਆਂ ਵਿੱਚੋਂ 5 ਲੜਕੇ ਅਤੇ 2 ਲੜਕੀਆਂ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਸਨਮੁੱਖ ਪੇਸ਼ ਕੀਤਾ ਗਿਆ ਅਤੇ ਸ਼ਨਾਖ਼ਤ ਲਈ ਦਸਤਾਵੇਜ਼ ਮੰਗੇ ਗਏ ਹਨ। ਜੇਕਰ ਕਾਗਜ਼ ਸਹੀ ਪਾਏ ਗਏ ਤਾਂ ਠੀਕ, ਨਹੀਂ ਤਾਂ ਡੀਐੱਨਏ ਕੀਤਾ ਜਾਵੇਗਾ। ਡੀਐੱਨ ਦੀ ਰਿਪੋਰਟ ਗ਼ਲਤ ਹੋਣ ’ਤੇ ਸਬੰਧਤ ਭੀਖ ਮੰਗਵਾਇਉਣ ਵਾਲਿਆ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਇਹ ਬੱਚੇ ਦੁਬਾਰਾ ਭੀਖ ਮੰਗਦੇ ਪਾਏ ਗਏ ਤਾਂ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਲ ਭਿੱਖਿਆ ਦਾ ਖ਼ਾਤਮਾ ਤੰਦਰੁਸਤ ਸਮਾਜ ਲਈ ਜ਼ਰੂਰੀ ਹੈ, ਇਸ ਲਈ ਲੋਕਾਂ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਬੱਚੇ ਪਟਿਆਲਾ ਚੌਂਕ, ਮੇੱਕ ਡੀ ਚੌਂਕ, ਬੱਸ ਅੱਡਾ ਦੇ ਬਾਹਰ ਭੀਖ ਮੰਗ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੀ ਪੜਤਾਲ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਸਥਾਨਕ ਪੁਲਿਸ ਵੀ ਮੌਜੂਦ ਰਹੀ।