
ਸਿਹਤ ਤੇ ਪੁਲਿਸ ਵਿਭਾਗ ਦੀ ਸਾਂਝੇ ਤੌਰ ’ਤੇ ਕਾਰਵਾਈ, 18 ਮਰੀਜ਼ਾਂ ਨੂੰ ਛੁਡਵਾਇਆ
Drug De-Addiction Center was Running Despite Being Sealed in Sangrur Latest News in Punjabi ਧੂਰੀ ਵਿਚ ਦੋ ਨੰਬਰ ਵਿਚ ਚੱਲ ਰਹੇ ‘ਗੁਰੂ ਕਿਰਪਾ ਸ਼ਫਾ ਫ਼ਾਊਂਡੇਸ਼ਨ’ ਨਾਮ ਦੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ’ਤੇ ਪੁਲਿਸ ਅਤੇ ਡਾਕਟਰਾਂ ਦੀ ਟੀਮ ਦੇ ਵਲੋਂ ਰੇਡ ਕੀਤੀ ਗਈ। ਐਸ.ਐਚ.ਓ. ਜਸਵੀਰ ਸਿੰਘ ਧੂਰੀ ਵਲੋਂ ਦਿਤੀ ਜਾਣਕਾਰੀ ਅਨੁਸਾਰ ਗੁਰੂ ਕਿਰਪਾ ਸ਼ਫਾ ਫ਼ਾਊਂਡੇਸ਼ਨ ਨਾਮ ਦੇ ਨਸ਼ਾ ਛੁਡਾਊ ਕੇਂਦਰ ਨੂੰ ਸਿਹਤ ਵਿਭਾਗ ਵਲੋਂ 2023 ਦੇ ਵਿਚ ਸੀਲ ਕਰ ਦਿਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਬਿਨਾਂ ਲਾਈਸੈਂਸ ਤੋਂ ਇਸ ਨਸ਼ਾ ਛੁਡਾਊ ਕੇਂਦਰ ਨੂੰ ਚਲਾਇਆ ਜਾ ਰਿਹਾ ਸੀ।
ਡਿਪਟੀ ਕਮਿਸ਼ਨਰ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਿਊਮਨ ਰਾਈਟ ਵਲੋਂ ਸ਼ਿਕਾਇਤ ਮਿਲੀ ਸੀ ਕਿ ਇੱਥੇ ਨਸ਼ਾ ਛੱਡਣ ਆਏ ਮਰੀਜ਼ਾਂ ਦੇ ਨਾਲ ਕੁੱਟਮਾਰ ਹੁੰਦੀ ਹੈ। ਜਿਸ ਤੋਂ ਬਾਅਦ ਡਾਕਟਰਾਂ ਅਤੇ ਪੁਲਿਸ ਦੀ ਟੀਮ ਵਲੋਂ ਸਾਂਝੇ ਤੌਰ ਉਤੇ ਇਸ ਕੇਂਦਰ ਉੱਪਰ ਰੇਡ ਕੀਤੀ ਗਈ। ਰੇਡ ਦੌਰਾਨ ਇਥੋਂ 18 ਮਰੀਜ਼ ਪਾਏ ਗਏ, ਜਿਨ੍ਹਾਂ ਵਿਚੋਂ 12 ਮਰੀਜ਼ਾਂ ਦੇ ਪਰਵਾਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਸੌਂਪ ਦਿਤੇ ਗਏ ਅਤੇ ਸਮਝਾਇਆ ਗਿਆ ਕਿ ਬਿਨਾਂ ਲਾਇਸੈਂਸ ਵਾਲੇ ਨਸ਼ਾ ਛੁਡਾਊ ਕੇਂਦਰ ਵਿਚ ਇਸ ਤਰੀਕੇ ਨਾਲ ਅਪਣੇ ਬੱਚਿਆਂ ਨੂੰ ਦਾਖ਼ਲ ਨਾ ਕਰਵਾਇਆ ਜਾਵੇ।
ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਇਸ਼ਾਨ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਛੇ ਮਰੀਜ਼ ਜਿਨ੍ਹਾਂ ਦੇ ਪਰਵਾਰਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ, ਉਨ੍ਹਾਂ ਨੂੰ ਪਿੰਡ ਘਾਬਦਾ ’ਚ ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਜਾ ਰਿਹਾ ਹੈ।
ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਆਮ ਲੋਕਾਂ ਨੂੰ ਸੁਨੇਹਾ ਦਿਤਾ ਕਿ ਜੇ ਤੁਸੀਂ ਅਪਣੇ ਬੱਚੇ ਦਾ ਨਸ਼ੇ ਤੋਂ ਇਲਾਜ ਕਰਵਾਉਣਾ ਚਾਹੁੰਦੇ ਹੋ ਤਾਂ ਹਸਪਤਾਲ/ਨਸ਼ਾ ਛੁਡਾਊ ਕੇਂਦਰ ਦਾ ਹਮੇਸ਼ਾ ਲਾਈਸੈਂਸ ਚੈੱਕ ਕਰ ਕੇ ਹੀ ਅਪਣੇ ਬੱਚੇ ਨੂੰ ਦਾਖ਼ਲ ਕਰਵਾਉ। ਇਸ ਤਰੀਕੇ ਨਾਲ ਬਿਨਾਂ ਲਾਈਸੈਂਸ ਵਾਲੇ ਨਸ਼ਾ ਛੁਡਾਊ ਕੇਂਦਰ ਵਿਚ ਤੁਹਾਡੇ ਬੱਚਿਆਂ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਕੀਤਾ ਜਾ ਸਕਦਾ ਹੈ।
(For more news apart from stay tuned to Rozana Spokesman.)