
ਪਾਕਿਸਤਾਨ ਦੀ ਨੀਯਤ ਖ਼ਰਾਬ – ਸੁਬਰਾਮਨੀਅਮ
ਚੰਡੀਗੜ੍ਹ-ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਡਾ. ਸੁਬਰਾਮਨੀਅਮ ਸਵਾਮੀ ਨੇ ਹੁਣ ਕਰਤਾਰਪੁਰ ਲਾਂਘੇ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ ਜਿਸ ਦੀ ਚਾਰੇ ਪਾਸੇ ਨਿੰਦਾ ਹੋਣ ਲੱਗ ਪਈ। ਸਵਾਮੀ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਭਾਰਤ ਦਰਮਿਆਨ ਬਣ ਰਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲ੍ਹਣਾ ਚਾਹੀਦਾ। ਉਹਨਾਂ ਕਿਹਾ ਕਿ ਮੌਜੂਦਾ ਹਲਾਤਾ ਨੂੰ ਦੇਖਦੇ ਹੋਏ ਇਸ ਦਾ ਨਿਰਮਾਣ ਬੰਦ ਹੋਣਾ ਚਾਹੀਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਇਸ ਦਾ ਨਿਰਮਾਣ ਜਿੱਥੇ ਤੱਕ ਪਹੁੰਚਿਆ ਹੈ ਉੱਥੇ ਹੀ ਰੋਕ ਦੇਣਾ ਚਾਹੀਦਾ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪਰਮਿੰਦਰ ਢੀਂਡਸਾ ਨੇ ਸਵਾਮੀ ਦੇ ਇਸ ਬਿਆਨ ਨੂੰ ਗੈਰ-ਜ਼ਿੰਮੇਦਾਰਾਨਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਰਤਾਰਪੁਰ ਦਾ ਕੰਮ ਵਿਵਾਦ ਦਾ ਮੁੱਦਾ ਨਹੀਂ ਹੈ। ਸਵਾਮੀ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖਣਾ ਚਾਹੀਦਾ।
ਉਹਨਾਂ ਕਿਹਾ ਕਿ ਬੇਸ਼ੱਕ ਕਰਤਾਰਪੁਰ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਰ ਪਾਕਿਸਤਾਨ ਨਾਲ ਸਾਰੇ ਰਿਸ਼ਤੇ ਤੋੜ ਦੇਣੇ ਚਾਹੀਦੇ ਹਨ। ਸਵਾਮੀ ਨੇ ਕਿਹਾ ਕਿ ਕਾਰੀਡੋਰ ਦਾ ਕੰਮ ਰਾਸ਼ਟਰ ਦੇ ਹਿੱਤ ਵਿਚ ਨਹੀਂ ਹੈ।