
ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਚੰਡੀਗੜ, 24 ਅਗਸਤ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 28 ਵਰਿਆਂ ਦੇ ਜੈ ਦੀਪ ਦਾ ਕੱਲ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੇ ਇਕ ਭੈਣ ਛੱਡ ਗਿਆ।
File Photo
ਜੈ ਦੀਪ ਜਿਸ ਨੇ ਪਹਿਲਾਂ ਦੈਨਿਕ ਭਾਸਕਰ ਤੇ ਦੈਨਿਕ ਸਵੇਰਾ ਗਰੁੱਪ ਲਈ ਸੇਵਾਵਾਂ ਨਿਭਾਈਆਂ, ਦਾ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਦੇਹਾਂਤ ਹੋ ਗਿਆ। ਉਸ ਦੀ ਰਿਪੋਰਟ 18 ਅਗਸਤ ਨੂੰ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਹ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਸੀ। ਕੱਲ ਸ਼ਾਮ ਉਸ ਨੇ ਆਖਰੀ ਸਾਹ ਲਿਆ।
Captain Amrinder Singh
ਮੁੱਖ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਜੈ ਦੀਪ ਨੂੰ ਸਮਰਪਿਤ ਪੱਤਰਕਾਰ ਦੱਸਦਿਆਂ ਕਿਹਾ ਕਿ ਉਹ ਇੱਕ ਵਧੀਆ ਫੋਟੋਗ੍ਰਾਫਰ ਸਨ ਜਿਨਾਂ ਨੂੰ ਫੋਟੋ ਪੱਤਰਕਾਰੀ ਦੀ ਡੂੰਘੀ ਸਮਝ ਸੀ। ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।
File Photo
ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਜੈ ਦੀਪ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੁਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸੂਬਾ ਸਰਕਾਰ ਤਰਫੋਂ ਸੋਮਵਾਰ ਦੀ ਸਵੇਰ ਜੈ ਦੀਪ ਦੇ ਅੰਤਿਮ ਸੰਸਕਾਰ ਮੌਕੇ ਮਿ੍ਰਤਕ ਦੇਹ ਨੂੰ ਸ਼ਰਧਾਂਜਲੀ ਭੇਂਟ ਕੀਤੀ।