
Punjab News : ਸਪਾਂਸਰਸ਼ਿਪ ਸਕੀਮ ਹੇਠ ਹੁਣ ਤੱਕ 5475 ਬੱਚਿਆਂ ਨੂੰ ਮਿਲਿਆ ਲਾਭ: ਡਾ. ਬਲਜੀਤ ਕੌਰ
Punjab News in Punjabi : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਯਤਨਸ਼ੀਲ ਹੈ, ਉੱਥੇ ਹੀ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਅਤੇ ਅਨਾਥ ਬੱਚਿਆਂ ਦੀ ਦੇਖਭਾਲ ਲਈ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਪਾਂਸਰਸ਼ਿਪ ਸਕੀਮ ਹੇਠ ਆਰਥਿਕ ਤੌਰ ਤੇ ਕਮਜ਼ੋਰ, ਬੇਸਹਾਰਾ ਅਤੇ ਅਨਾਥ ਬੱਚਿਆਂ ਨੂੰ 4000 ਰੁਪਏ ਪ੍ਰਤੀ ਬੱਚਾ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਾਸ਼ੀ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਦੇ ਪਰਿਵਾਰ ਆਰਥਿਕ ਕਮਜ਼ੋਰੀ ਕਾਰਨ ਉਨ੍ਹਾਂ ਦੀ ਸੰਭਾਲ ਕਰਨ ਵਿੱਚ ਅਸਮਰੱਥ ਹਨ ਜਾਂ ਅਨਾਥ ਬੱਚੇ ਜੋ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਦਿੱਤੀ ਜਾਂਦੀ ਹੈ ਅਤੇ ਹੁਣ ਤੱਕ ਕੁੱਲ 5475 ਬੱਚਿਆਂ ਨੂੰ ਇਸ ਯੋਜਨਾ ਦਾ ਲਾਭ ਮਿਲ ਚੁੱਕਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਸਕੀਮ ਸਿਰਫ਼ ਆਰਥਿਕ ਸਹਾਇਤਾ ਦੇਣ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਬੱਚਿਆਂ ਨੂੰ ਸੁਨਹਿਰਾ ਭਵਿੱਖ ਦੇਣ ਦਾ ਸਰਕਾਰ ਦਾ ਯਤਨ ਹੈ। ਇਸ ਨਾਲ ਬੱਚੇ ਨਾ ਕੇਵਲ ਸਿੱਖਿਆ ਜਾਰੀ ਰੱਖ ਸਕਦੇ ਹਨ, ਸਗੋਂ ਆਪਣੇ ਸੁਪਨੇ ਪੂਰੇ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕਦੇ ਹਨ।
ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਹਰ ਬੱਚਾ ਪੜ੍ਹ-ਲਿਖ ਕੇ ਆਤਮ-ਨਿਰਭਰ ਬਣੇ ਅਤੇ ਚੰਗਾ ਨਾਗਰਿਕ ਬਣ ਕੇ ਸਮਾਜ ਤੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾਏ। ਇਸ ਲਈ ਸਰਕਾਰ ਵੱਲੋਂ ਉਹਨਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਜੋ ਸਮਾਜ ਦੀ ਮੁੱਖ ਧਾਰਾ ਤੋਂ ਪਛੜੇ ਹੋਏ ਹਨ।
(For more news apart from Punjab government provides Rs 4000 assistance per child economically weak and orphaned children: Dr. Baljit Kaur News in Punjabi, stay tuned to Rozana Spokesman)