
ਕਿਹਾ, ਕੈਪਟਨ ਨੂੰ ਹਿਲਾਉਣ ਲਈ 1 ਅਕਤੂਬਰ ਨੂੰ ਚੰਡੀਗੜ੍ਹ 'ਚ ਕੀਤਾ ਜਾਵੇਗਾ ਅੰਦੋਲਨ
ਤਲਵੰਡੀ ਸਾਬੋ : ਖੇਤੀ ਬਿੱਲਾਂ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਹਨ ਉਥੇ ਹੀ ਪੰਜਾਬ ਦੀਆਂ ਸਿਆਸੀ ਧਿਰਾਂ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਦੇ ਨਾਲ-ਨਾਲ ਕੈਪਟਨ ਸਰਕਾਰ ਉਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇਣ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਖੇਤੀ ਕਾਨੂੰਨਾਂ ਖਿਲਾਫ਼ ਮੋਰਚਾ ਖੋਲ੍ਹਣ ਲਈ ਤਲਵੰਡੀ ਸਾਬੋ ਵਿਖੇ ਪਹੁੰਚੇ ਜਿੱਥੇ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੇ ਆਮਦ ਮੌਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਉੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਆਗੂਆਂ ਤੇ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ।
Sukhbir Badal
ਇਸ ਮੌਕੇ ਖੇਤੀ ਬਿੱਲਾਂ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ। ਜਿਸ ਦਾ 100 ਸਾਲ ਪੁਰਾਣਾ ਕੁਰਬਾਨੀ ਭਰਿਆ ਇਤਿਹਾਸ ਹੈ। ਅਕਾਲੀ ਦਲ ਨੇ ਹਮੇਸ਼ਾ ਜ਼ਬਰ-ਜ਼ੁਲਮ ਅਤੇ ਕਿਸਾਨਾਂ ਨਾਲ ਧੱਕੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸਾਨਾਂ ਦੀ ਹਿਤੈਸ਼ੀ ਹੋਣ ਜਾਂ ਨਾ ਹੋਣ ਸਬੰਧੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਤੋਂ ਸਰਟੀਫ਼ਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ।
Sukhbir Badal, Harsimrat Kaur Badal
ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨੀ ਵਾਸਤੇ ਜਿਹੜੇ ਵੀ ਫ਼ੈਸਲੇ ਹੋਏ ਹਨ ਉਹ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੇ ਗਏ। ਉਨ੍ਹਾਂ ਵਲੋਂ ਕਿਸਾਨਾਂ ਲਈ ਪਿੰਡ ਪਿੰਡ ਮੰਡੀਆਂ ਬਣਾਈਆਂ ਗਈਆਂ। ਹੁਣ ਤਕ ਕਿਸਾਨੀ ਦੀ ਜਿੰਨੀ ਵੀ ਤਰੱਕੀ ਹੋਈ ਹੈ, ਉਹ ਸਭ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਮੁਤਾਬਕ ਹੀ ਹੋਈ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਾਖੜ ਨੂੰ ਖ਼ੁਦ ਨਹੀਂ ਪਤਾ ਲੱਗ ਰਿਹਾ ਉਹ ਕੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕੋਈ ਯੂ-ਟਰਨ ਨਹੀਂ ਲਿਆ। ਅਕਾਲੀ ਦਲ ਨੇ ਹਮੇਸ਼ਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਕਰਦਾ ਰਹੇਗਾ। ਜਦੋਂ ਲੋਕ ਸਭਾ 'ਚ ਇਹ ਬਿੱਲ ਪੇਸ਼ ਹੋਣ 'ਤੇ ਵੀ ਅਕਾਲੀ ਦਲ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਸੀ।
Sukhbir Badal
ਕਾਂਗਰਸ 'ਤੇ ਦੋਗਲੀ ਸਿਆਸਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੇ 2017 'ਚ ਚੋਣ ਪੱਤਰ 'ਚ ਪਹਿਲਾਂ ਹੀ ਇਹ ਖੇਤੀ ਬਿੱਲ ਪਾਸ ਕਰ ਦਿਤੇ ਸਨ ਜਦਕਿ ਮੋਦੀ ਸਰਕਾਰ ਨੇ ਹੁਣ ਅਜਿਹਾ ਕੀਤਾ ਹੈ। ਇਸ ਦੇ ਨਾਲ ਹੀ ਅਸਤੀਫ਼ੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਬਿਲਕੁੱਲ ਸਹੀਂ ਸਮੇਂ 'ਤੇ ਅਸਤੀਫ਼ਾ ਦਿਤਾ ਹੈ ਕਿਉਂਕਿ ਜਦੋਂ ਸੱਟ ਸਭ ਤੋਂ ਵੱਧ ਵੱਜਦੀ ਹੋਵੇ ਤਾਂ ਨਜ਼ਾਰਾ ਉਦੋਂ ਹੀ ਆਉਂਦਾ ਹੈ।
Sukhbir Badal
ਉਨ੍ਹਾਂ ਕਿਹਾ ਕਿ ਸਾਨੂੰ ਕੁਰਸੀ ਨਾਲ ਨਹੀਂ ਸਗੋਂ ਕਿਸਾਨੀ ਨਾਲ ਪਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਕਿਸੇ ਵੀ ਕਰਪੋਰੇਟ ਕੰਪਨੀ ਨੂੰ ਪੰਜਾਬ 'ਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 25 ਨੂੰ ਸ਼੍ਰੋਮਣੀ ਅਕਾਲੀ ਦਲ ਕੈਪਟਨ ਨੂੰ ਹਲਾਉਣ ਲਈ ਚੱਕਾ ਜਾਮ ਕਰਾਂਗੇ। ਇਸ ਤੋਂ ਬਾਅਦ 1 ਅਕਤੂਬਰ ਨੂੰ ਕਿਸਾਨ ਅੰਦੋਲਨ ਦਿੱਲੀ ਦੀ ਬਜਾਏ ਚੰਡੀਗੜ੍ਹ 'ਚ ਕੀਤਾ ਜਾਵੇਗਾ।