
ਪੇਗਾਸਸ ਜਾਸੂਸੀ ਮਾਮਲਾ : ਜਾਂਚ ਲਈ ਸੁਪਰੀਮ ਕੋਰਟ ਵਲੋਂ ਕੀਤਾ ਜਾਵੇਗਾ ਤਕਨੀਕੀ ਮਾਹਰ ਕਮੇਟੀ ਦਾ ਗਠਨ
ਅਗਲੇ ਹਫ਼ਤੇ ਮਾਮਲੇ ਦੀ ਸੁਤੰਤਰ ਜਾਂਚ ਲਈ ਜਾਰੀ ਹੋਣਗੇ ਰਸਮੀ ਹੁਕਮ
ਨਵੀਂ ਦਿੱਲੀ, 23 ਸਤੰਬਰ : ਪੇਗਾਸਸ ਜਾਸੂਸੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਅਹਿਮ ਆਦੇਸ਼ ਦਿਤਾ ਹੈ | ਚੀਫ਼ ਜਸਟਿਸ ਐਨਵੀ ਰਮਨਾ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਇਸ ਕੇਸ ਦੀ ਜਾਂਚ ਲਈ ਤਕਨੀਕੀ ਮਾਹਰ ਕਮੇਟੀ ਦਾ ਗਠਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੋਰਟ ਅਗਲੇ ਹਫ਼ਤੇ ਇਸ ਮਾਮਲੇ ਦੀ ਸੁਤੰਤਰ ਜਾਂਚ ਲਈ ਰਸਮੀ ਆਦੇਸ਼ ਜਾਰੀ ਕਰੇਗੀ | ਕੋਰਟ ਜਲਦ ਹੀ ਤਕਨੀਕੀ ਮਾਹਰ ਕਮੇਟੀ ਦੇ ਮੈਂਬਰਾਂ ਨੂੰ ਅੰਤਮ ਰੂਪ ਦੇਵੇਗੀ | ਸੀਜੇਆਈ ਐਨਵੀ ਰਮਨਾ ਨੇ ਇਹ ਗੱਲ ਸੀਨੀਅਰ ਵਕੀਲ ਸੀਯੂ ਸਿੰਘ ਨੂੰ ਕਹੀ | ਸੀਯੂ ਸਿੰਘ ਪੇਗਾਸਸ ਮਾਮਲੇ ਵਿਚ ਵੀ
ਪਟੀਸ਼ਨਰਾਂ ਵਲੋਂ ਪੇਸ਼ ਹੋ ਰਹੇ ਹਨ | ਇਸ ਮਾਮਲੇ ਵਿਚ 13 ਸਤੰਬਰ ਨੂੰ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖਿਆ ਸੀ |
ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਸੀ ਕਿ ਸਰਕਾਰ ਇਸ ਮੁੱਦੇ ਨੂੰ ਸਨਸਨੀਖੇਜ਼ ਨਹੀਂ ਬਣਾ ਸਕਦੀ | ਨਾਗਰਿਕਾਂ ਦੀ ਨਿੱਜਤਾ ਦੀ ਰਖਿਆ ਕਰਨਾ ਵੀ ਸਰਕਾਰ ਦੀ ਤਰਜੀਹ ਹੈ ਪਰ ਨਾਲ ਹੀ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਰੋਕ ਨਹੀਂ ਸਕਦੀ | ਅਜਿਹੀਆਂ ਸਾਰੀਆਂ ਤਕਨੀਕਾਂ ਖ਼ਤਰਨਾਕ ਹਨ | ਇਲ੍ਹਾਂ ਸਾਰਿਆਂ ਦੀ ਵਿਸ਼ੇਸ਼ਣ ਕਮੇਟੀ ਦੁਆਰਾ ਜਾਂਚ ਕੀਤੀ ਜਾਵੇ | ਇਨ੍ਹਾਂ ਮਾਹਰਾਂ ਦਾ ਸਰਕਾਰ ਨਾਲ ਕੋਈ ਸਬੰਧ ਨਹੀਂ ਹੋਵੇਗਾ | ਰਿਪੋਰਟ ਸਿੱਧੀ ਸੁਪਰੀਮ ਕੋਰਟ ਵਿਚ ਆਵੇਗੀ | ਕੇਂਦਰ ਨੇ ਕਿਹਾ ਕਿ ਅਸੀਂ ਹਲਫਨਾਮੇ ਰਾਹੀਂ ਇਸ ਜਾਣਕਾਰੀ ਨੂੰ ਜਨਤਕ ਨਹੀਂ ਕਰ ਸਕਦੇ | ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੈਗਾਸਸ ਮੁੱਦੇ 'ਤੇ ਕੇਂਦਰ ਸਰਕਾਰ ਨਾਲ ਨਾਰਾਜਗੀ ਜਾਹਰ ਕੀਤੀ ਸੀ | (ਏਜੰਸੀ)