
ਇਸ ਕਤਲ ਪਿੱਛੇ ਗੌਰਵ ਪਡਿਆਲ ਉਰਫ਼ ਲੱਕੀ ਪਡਿਆਲ ਵਾਸੀ ਖੁੱਡਾ ਅਲੀਸ਼ੇਰ ਯੂ.ਟੀ. ਦਾ ਹੱਥ ਹੈ, ਜੋ ਹੁਣ ਅਰਮੀਨੀਆ ਵਿਖੇ ਰਹਿੰਦਾ ਹੈ
ਐਸ.ਏ.ਐਸ. ਨਗਰ (ਸੁਖਦੀਪ ਸਿੰਘ ਸੋਈਂ): ਇਥੇ ਸੈਕਟਰ 71 ਦੀ ਮਾਰਕੀਟ ਵਿਚ ਪ੍ਰਾਪਰਟੀ ਡੀਲਰ ਦੀ ਦੁਕਾਨ ਸਾਹਮਣੇ ਹੋਏ ਬਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਢੂਖੇੜਾ ਦੇ ਕਤਲ ਦੀਆਂ ਤਾਰਾਂ ਅਰਮੀਨੀਆ ਬੈਠੇ ਲੱਕੀ ਪਡਿਆਲ ਦੇ ਗਰੋਹ ਨਾਲ ਜੁੜੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ. ਨਗਰ ਸਤਿੰਦਰ ਸਿੰਘ ਨੇ ਦਸਿਆ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਸਬੰਧੀ ਥਾਣਾ ਮਟੌਰ ਵਿਖੇ ਕੇਸ ਨੰਬਰ 168 ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਤਫ਼ਤੀਸ਼ ਆਈ.ਪੀ.ਐਸ ਐਸ.ਪੀ. (ਡੀ) ਹਰਮਨਦੀਪ ਸਿੰਘ ਹਾਂਸ, ਪੀ.ਪੀ.ਐਸ. ਗੁਰਚਰਨ ਸਿੰਘ, ਡੀ.ਐਸ.ਪੀ. (ਡੀ) ਐਸ.ਏ.ਐਸ. ਨਗਰ ਦੀ ਨਿਗਰਾਨੀ ਕੀਤੀ ਜਾ ਰਹੀ ਸੀ।
Vicky Middukhera Murder Case
ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਪਿੱਛੇ ਗੌਰਵ ਪਡਿਆਲ ਉਰਫ਼ ਲੱਕੀ ਪਡਿਆਲ ਵਾਸੀ ਖੁੱਡਾ ਅਲੀਸ਼ੇਰ ਯੂ.ਟੀ. ਦਾ ਹੱਥ ਹੈ, ਜੋ ਹੁਣ ਅਰਮੀਨੀਆ ਵਿਖੇ ਰਹਿੰਦਾ ਹੈ। ਪੰਜਾਬ ਵਿੱਚ ਕਈ ਕੇਸਾਂ ਵਿੱਚ ਲੋੜੀਂਦਾ ਲੱਕੀ ਪਡਿਆਲ ਇਸ ਸਮੇਂ ਦਵਿੰਦਰ ਬੰਬੀਹਾ ਗਰੋਹ ਨੂੰ ਚਲਾ ਰਿਹਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਇਕ ਫੇਸਬੁੱਕ ਪੋਸਟ ਵਿੱਚ ਦਵਿੰਦਰ ਬੰਬੀਹਾ ਗਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਤਫ਼ਤੀਸ਼ ਦੌਰਾਨ ਪਤਾ ਚੱਲਿਆ ਕਿ ਦਵਿੰਦਰ ਬੰਬੀਹਾ ਗਰੋਹ ਨੂੰ ਚਲਾ ਰਿਹਾ ਲੱਕੀ ਪਡਿਆਲ ਇਸ ਕਤਲ ਲਈ ਜ਼ਿੰਮੇਵਾਰੀ ਹੈ।
Vicky Middukhera Murder Case
ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਚੱਲਿਆ ਕਿ ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾ ਜ਼ਿਲ੍ਹਾ ਗੁਰੂ ਗਰਾਮ, ਜੋ ਹੁਣ ਕਰਨਾਲ ਜੇਲ੍ਹ ਵਿੱਚ ਬੰਦ ਹੈ, ਨੇ ਆਪਣੇ ਗਰੋਹ ਦੇ ਭਗੌੜੇ ਹੋਏ ਸਾਥੀਆਂ ਦਾ ਲੱਕੀ ਪਡਿਆਲ ਨਾਲ ਤਾਲਮੇਲ ਕਰਵਾਇਆ ਸੀ। ਲੱਕੀ ਪਡਿਆਲ ਨੇ ਹੀ 20 ਜੂਨ 2021 ਨੂੰ ਸੁਖਮੀਤ ਉਰਫ਼ ਡਿਪਟੀ ਵਾਸੀ ਜਲੰਧਰ ਦਾ ਕਤਲ ਕੌਂਸਲ ਚੌਧਰੀ ਦੇ ਭਗੌੜੇ ਸਾਥੀ ਵਿਕਾਸ ਮਾਹਲੇ ਵਾਸੀ ਪਿੰਡ ਧਨਵਾਪੁਰ ਜ਼ਿਲ੍ਹਾ ਗੁਰੂਗਰਾਮ ਅਤੇ ਪੁਨੀਤ ਸ਼ਰਮਾ ਵਾਸੀ ਜਲੰਧਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਕਰਵਾਇਆ ਸੀ।
Vicky Middukhera
ਇਸ ਸਬੰਧੀ ਵੀ ਮੁਕੱਦਮਾ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਵਿੱਚ ਦਰਜ ਹੋਇਆ ਸੀ। ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ਉਤੇ ਲਿਆ ਕੇ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਗੌਰਵ ਪਡਿਆਲ ਉਰਫ ਲੱਕੀ ਨੇ ਹੀ ਵਿੱਕੀ ਮਿੱਢੂਖੇੜਾ ਦਾ ਕਤਲ ਕੌਸ਼ਲ ਚੌਧਰੀ ਨੇ ਮਨਡੋਲੀ ਜੇਲ੍ਹ ਵਿੱਚ ਬੰਦ ਅਮਿਤ ਡਾਗਰ ਦੀ ਮਦਦ ਨਾਲ ਸੱਜਣ ਉਰਫ ਭੋਲਾ ਵਾਸੀ ਬਿਸਾਨ ਜ਼ਿਲ੍ਹਾ ਝੱਜਰ (ਹਰਿਆਣਾ) ਅਤੇ ਅਨਿਲ ਉਰਫ ਲੱਠ ਵਾਸੀ ਕਕਰੋਲਾ ਦਵਾਰਕਾ ਦਿੱਲੀ ਰਾਹੀਂ ਸਾਜ਼ਿਸ਼ ਤਹਿਤ ਕਰਵਾਇਆ ਸੀ।
ਉਨ੍ਹਾਂ ਦੱਸਿਆ ਕਿ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੋਵਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ ਗਏ ਸਨ ਅਤੇ ਇਸ ਕੇਸ ਵਿਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ਉਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਸਮੇਂ ਪੁਲਿਸ ਰਿਮਾਂਡ ਉਤੇ ਹੈ। ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਉਸ ਤੋਂ ਇਸ ਕੇਸ ਵਿੱਚ ਹੋਰ ਤੱਥ ਸਾਹਮਣੇ ਆਉਣ ਦੀ ਆਸ ਹੈ।