
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੁਰੂਕੇਸ਼ਤਰ ਦੇ ਡੀ.ਸੀ. ਸ਼ਾਂਤਨੂੰ ਨਾਲ ਕੀਤੀ ਮੁਲਾਕਾਤ
{ਸ਼ਾਹਬਾਦ ਮਾਰਕੰਡਾ, 23 ਸਤੰਬਰ (ਅਵਤਾਰ ਸਿੰਘ) : ਕਮੇਟੀ ਦੇ ਬਾਨੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਕੁਰੂਕਸੇਤਰ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਬੁਲਾਉਣ ਦੀ ਅਪੀਲ ਕੀਤੀ | ਡਿਪਟੀ ਕਮਿਸਨਰ ਸ਼ਾਂਤਨੂੰ ਸ਼ਰਮਾ ਨੇ ਕਿਹਾ ਕਿ ਉਹ ਉਨ੍ਹਾਂ ਦੀ ਮੰਗ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਧਿਆਨ ਵਿਚ ਲਿਆ ਕੇ ਬਣਦੀ ਕਾਰਵਾਈ ਕਰਨਗੇ | ਇਸ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਕੁਰੂਕਸੇਤਰ ਵਿਖੇ ਕਮੇਟੀ ਦੇ ਬਾਨੀ ਪ੍ਰਧਾਨ ਜਗਦੀਸ ਸਿੰਘ ਝੀਂਡਾ, ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲਣ ਲਈ ਸੰਘਰਸ਼ ਕਰ ਰਹੇ ਸਾਥੀ ਮੈਂਬਰਾਂ ਵਿਚਕਾਰ ਡੂੰਘੀ ਵਿਚਾਰ ਚਰਚਾ ਹੋਈ, ਜਿਸ ਵਿਚ ਕਮੇਟੀ ਦੇ ਸਾਬਕਾ ਯੂਥ ਸੂਬਾ ਪ੍ਰਧਾਨ ਕਵਲਜੀਤ ਸਿੰਘ ਅਜਰਾਣਾ ਨੇ ਅਹਿਮ ਭੂਮਿਕਾ ਨਿਭਾਈ | ਵਿਚਾਰ-ਵਟਾਂਦਰੇ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਸਾਰੇ ਮੈਂਬਰ ਪਹਿਲਾਂ ਡਿਪਟੀ ਕਮਿਸਨਰ, ਕੁਰੂਕਸੇਤਰ ਨੂੰ ਮਿਲਣਗੇ ਅਤੇ ਜਲਦੀ ਤੋਂ ਜਲਦੀ ਕਮੇਟੀ ਦੀ ਆਮ ਮੀਟਿੰਗ ਬੁਲਾਉਣ ਦੀ ਮੰਗ ਕਰਨਗੇ | ਜਨਰਲ ਹਾਊਸ ਵਿਚ ਨਵੇਂ ਮੁਖੀ ਅਤੇ ਕਾਰਜਕਾਰਨੀ ਦੀ ਚੋਣ ਕਰਨ ਤੋਂ ਬਾਅਦ ਸਰਕਾਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸੂਬੇ ਭਰ ਦੇ ਗੁਰਦੁਆਰਾ ਸਾਹਿਬਾਨ ਦੀਆਂ ਸੇਵਾਵਾਂ ਉਨ੍ਹਾਂ ਨੂੰ ਸੌਂਪਣ ਦੀ ਅਪੀਲ ਕੀਤੀ ਜਾਵੇਗੀ | ਇਸ ਦੇ ਨਾਲ ਹੀ ਹਰਜਿੰਦਰ ਸਿੰਘ ਧਾਮੀ, ਪ੍ਰਮੁੱਖ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮਿ੍ਤਸਰ ਨੂੰ ਵੀ ਪੱਤਰ ਲਿਖ ਕੇ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਜਾਵੇਗੀ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬਾਨ, ਵਿਦਿਅਕ ਸੰਸਥਾ, ਹਸਪਤਾਲ ਆਦਿ ਦੀ ਸੇਵਾ ਸੌਂਪੀ ਜਾਵੇਗੀ | ਜਗਦੀਸ ਸਿੰਘ ਝੀਂਡਾ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਹ ਸੂਬੇ ਭਰ ਦੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸ਼ਾਂਤਮਈ ਢੰਗ ਨਾਲ ਸੰਭਾਲਣਾ ਚਾਹੁੰਦੇ ਹਨ | ਉਨ੍ਹਾਂ ਸੰਗਤਾਂ ਨੂੰ ਸੋਸਲ ਮੀਡੀਆ ਆਦਿ 'ਤੇ ਫੈਲ ਰਹੀਆਂ ਅਫਵਾਹਾਂ ਤੋਂ ਗੁੰਮਰਾਹ ਨਾ ਹੋਣ ਦਾ ਵੀ ਸੱਦਾ ਦਿੱਤਾ | ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਇਕਜੁੱਟ ਹਨ ਅਤੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਾਂਝੇ ਤੌਰ 'ਤੇ ਸੰਭਾਲਣਗੇ | ਕਮੇਟੀ ਅਧਿਕਾਰੀਆਂ ਵਲੋਂ ਇਹ ਐਲਾਨ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ |
ਫ਼ੋਟੋ - ਕਮੇਟੀ ਦੇ ਬਾਨੀ ਪ੍ਰਧਾਨ ਜਗਦੀਸ ਸਿੰਘ ਝੀਂਡਾ ਦੀ ਅਗਵਾਈ ਹੇਠ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ