
'ਆਪ' ਸਰਕਾਰ ਪੰਜਾਬ ਦੇ ਲੋਕਾਂ ਦਾ ਪੈਸਾ ਆਪਣੇ ਪ੍ਰਚਾਰ 'ਤੇ ਖਰਚ ਕਰ ਰਹੀ ਹੈ।
ਚੰਡੀਗੜ੍ਹ - ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇਕ ਵੀਡੀਓ ਜਾਰੀ ਕਰਦੇ ਹੋਏ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸੂਬੇ ਨੂੰ ਵਿੱਤੀ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ ਹੈ। ਮਾਰਚ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਡੇਢ ਸਾਲ 'ਚ 50,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਵਧ ਗਿਆ ਹੈ। ਇਸ ਸਾਲ ਅਪ੍ਰੈਲ ਤੋਂ ਲੈ ਕੇ ਜੁਲਾਈ ਦੇ ਅੰਤ ਤੱਕ ਸਿਰਫ਼ ਪਿਛਲੇ 4 ਮਹੀਨਿਆਂ ਵਿਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 11,718 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲੈ ਲਿਆ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਕਰਜ਼ਾ ਲੈਣ ਦੀ ਆਦਤ ਨਾ ਛੱਡੀ ਤਾਂ ਪੰਜਾਬ 'ਤੇ 5 ਸਾਲਾਂ ਦੇ ਕਾਰਜਕਾਲ ਦੌਰਾਨ 1.75 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ। ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸੂਬੇ ਸਿਰ 2.82 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਜਦਕਿ 'ਆਪ' ਸਰਕਾਰ ਪੰਜ ਸਾਲਾਂ 'ਚ 1.75 ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਵੇਗੀ।
ਪੰਜਾਬ ਭਾਜਪਾ ਪ੍ਰਧਾਨ ਨੇ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਦਫ਼ਤਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ 11,718 ਕਰੋੜ ਰੁਪਏ ਵਿਚੋਂ ਸਿਰਫ਼ 900 ਕਰੋੜ ਰੁਪਏ ਉਸਾਰੂ ਕੰਮਾਂ ਵਿਚ ਹੀ ਖਰਚ ਹੋਏ ਹਨ। ਜਦੋਂ ਕਿ 10,818 ਕਰੋੜ ਰੁਪਏ ਬਰਬਾਦ ਹੋਏ ਹਨ। 'ਆਪ' ਸਰਕਾਰ ਪੰਜਾਬ ਦੇ ਲੋਕਾਂ ਦਾ ਪੈਸਾ ਆਪਣੇ ਪ੍ਰਚਾਰ 'ਤੇ ਖਰਚ ਕਰ ਰਹੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਲੋਕਾਂ ਨੂੰ ਇਸ ਗੰਭੀਰ ਮੁੱਦੇ ਤੋਂ ਜਾਣੂ ਕਰਵਾਇਆ ਜਿਸ ਦੇ ਲਈ ਉਹਨਾਂ ਦਾ ਬਹੁਤ ਧੰਨਵਾਦ। ਸੁਨੀਲ ਜਾਖੜ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਵੀ ਮਾਨ ਸਰਕਾਰ ਨੂੰ ਸਵਾਲ ਪੁੱਛਣ ਲੱਗ ਪਏ ਹਨ ਕਿ ਮਾਨ ਸਾਬ੍ਹ ਕੋਲ ਪੈਸਾ ਕਿੱਥੇ ਹੈ? ਜਦਕਿ ਸਰਕਾਰ ਤਾਂ ਕਹਿ ਰਹੀ ਸੀ ਕਿ ਉਹ ਪੰਜਾਬ 'ਤੇ ਕਰਜ਼ਾ ਚੜ੍ਹਾਉਣ ਦੀ ਬਜਾਏ ਉਸ ਨੂੰ ਕਰਜ਼ਾ ਮੁਕਤ ਕਰੇਗੀ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਰੇਤ ਵੇਚ ਕੇ ਪੈਸੇ ਇਕੱਠੇ ਕਰੇਗੀ ਜਦਕਿ ਹੁਣ ਸਭ ਕੁੱਝ ਉਲਟ ਹੋ ਰਿਹਾ ਹੈ।