
ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਸਿਆਸਤਦਾਨਾਂ ਅਤੇ ਅਦਾਕਾਰਾਂ ਨੂੰ ਬੇਨਕਾਬ ਕਰਨ ਤੋਂ ਬਾਅਦ ਹੁਣ ਮੀ ਟੂ ਨੇ ਪੰਜਾਬ ਵਿਚ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿਤਾ ਹੈ ...
ਚੰਡੀਗੜ੍ਹ (ਸੁਰਖਾਬ ਸਿੰਘ) :- ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਸਿਆਸਤਦਾਨਾਂ ਅਤੇ ਅਦਾਕਾਰਾਂ ਨੂੰ ਬੇਨਕਾਬ ਕਰਨ ਤੋਂ ਬਾਅਦ ਹੁਣ ਮੀ ਟੂ ਨੇ ਪੰਜਾਬ ਵਿਚ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਇਸ ਵਾਰ ਮੀ ਟੂ ਮੁਹਿੰਮ ਦੌਰਾਨ ਇਕ ਸੀਨੀਅਰ ਮਹਿਲਾ ਅਧਿਕਾਰੀ ਨੇ ਪੰਜਾਬ ਦੇ ਕੈਬਿਨੇਟ ਮੰਤਰੀ 'ਤੇ ਇਲਜ਼ਾਮ ਲਗਾਏ ਹਨ ਕਿ ਕੈਬਿਨਟ ਮੰਤਰੀ ਨੇ ਉਨ੍ਹਾਂ ਨੂੰ ਇਤਰਾਜਯੋਗ ਮੈਸਜ ਭੇਜੇ ਹਨ। ਇਸ ਦੇ ਨਾਲ ਹੀ ਦੋਸ਼ ਲਗਾਉਣ ਵਾਲੀ ਮਹਿਲਾ ਅਧਿਕਾਰੀ ਦਾ ਕਹਿਣਾ ਹੈ ਕਿ ਕੈਬਿਨਟ ਮੰਤਰੀ ਨੇ ਉਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਕੀਤਾ ਹੈ।
ਕੈਬਿਨੇਟ ਮੰਤਰੀ 'ਤੇ ਮਹਿਲਾ ਅਧਿਕਾਰੀ ਵੱਲੋਂ ਲਗਾਏ ਦੋਸ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਪਹੁੰਚ ਚੁੱਕੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਨੇ ਕੈਬਿਨਟ ਮੰਤਰੀ ਨੂੰ ਮਹਿਲਾ ਅਧਿਕਾਰੀ ਤੋਂ ਮੁਆਫੀ ਮੰਗਣ ਲਈ ਕਿਹਾ ਹੈ ਅਤੇ ਰਾਹੁਲ ਗਾਂਧੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋਸ਼ਾਂ ਦੇ ਚਲਦੇ ਉਸ ਮੰਤਰੀ ਦੇ ਕੈਬਿਨੇਟ ਵਿਚ ਰਹਿਣਾ ਸਹੀ ਹੈ ਜਾ ਗ਼ਲਤ।
ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਮੰਤਰੀ ਵੱਲੋਂ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਮੁੱਦਾ ਸੁਰਖੀਆਂ ਵਿਚ ਆ ਗਿਆ ਹੈ ਅਤੇ ਇਸ ਨਾਲ ਸਿਆਸਤ ਵੀ ਭਖ ਚੁੱਕੀ ਹੈ। ਇਸ ਮਾਮਲੇ ਨੂੰ ਲੈ ਕੇ ਜਦੋ ਸਪੋਕੇਸਮੈਨ ਟੀਵੀ ਵੱਲੋਂ ਕੈਬਿਨਟ ਮੰਤਰੀ ਅਤੇ ਉਨ੍ਹਾਂ ਦੇ ਸਹਾਇਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ।