
ਪਠਾਨਕੋਟ ਵਿਚ ਇਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਫੈਲਿਆ ਹੋਇਆ, ਕਿਉਂਕਿ ਇਥੋਂ ਦੇ ਭੋਆ ਹਲਕੇ ਅਧੀਨ ਆਉਂਦੇ ਵਪਾਰਕ ਕਸਬੇ ਤਾਰਾਗੜ੍ਹ ਦੇ ਪਿੰਡ...
ਪਠਾਨਕੋਟ (ਭਾਸ਼ਾ) : ਪਠਾਨਕੋਟ ਵਿਚ ਇਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਫੈਲਿਆ ਹੋਇਆ, ਕਿਉਂਕਿ ਇਥੋਂ ਦੇ ਭੋਆ ਹਲਕੇ ਅਧੀਨ ਆਉਂਦੇ ਵਪਾਰਕ ਕਸਬੇ ਤਾਰਾਗੜ੍ਹ ਦੇ ਪਿੰਡ ਸ਼ਾਦੀਪੁਰ ਵਿਚ 6 ਹਥਿਆਰਬੰਦ ਸ਼ੱਕੀ ਅਤਿਵਾਦੀਆਂ ਨੂੰ ਦੇਖਿਆ ਗਿਆ ਹੈ। ਪੁਲਿਸ ਨੂੰ ਇਹ ਜਾਣਕਾਰੀ ਪਿੰਡ ਸ਼ਾਦੀਪੁਰ ਦੇ ਇਕ ਕਿਸਾਨ ਨੇ ਦਿਤੀ, ਜਿਸ ਨੇ ਇਨ੍ਹਾਂ ਸ਼ੱਕੀਆਂ ਨੂੰ ਹਥਿਆਰਾਂ ਸਮੇਤ ਦੇਖਿਆ ਹੈ। ਕਿਸਾਨ ਮੁਤਾਬਕ ਜਦੋਂ ਉਹ ਰਾਤ ਵੇਲੇ ਖੇਤਾਂ ਵਿਚ ਟਰੈਕਟਰ 'ਤੇ ਕੰਮ ਕਰ ਰਿਹਾ ਸੀ ਤਾਂ ਉਸ ਨੇ 6 ਹਥਿਆਰਬੰਦ ਸ਼ੱਕੀ ਵਿਅਕਤੀਆਂ ਨੂੰ ਫ਼ੌਜੀ ਵਰਦੀ ਵਿਚ ਵੇਖਿਆ ਜੋ ਇਕ ਮੋਟਰਸਾਈਕਲ ਦੀ ਲਾਈਟ ਨੂੰ ਦੇਖ ਕੇ ਕਮਾਦ ਦੇ ਖੇਤ ਵਿਚ ਵੜ ਗਏ।
ਕਿਸਾਨ ਬਲਵੀਰ ਸਿੰਘ ਨੇ ਪਿੰਡ ਦੇ ਸਰਪੰਚ ਨੂੰ ਫ਼ੋਨ ਕਰਕੇ ਇਸ ਦੀ ਜਾਣਕਾਰੀ ਦਿਤੀ। ਇਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਇਤਲਾਹ ਦਿਤੀ ਗਈ। ਜਿਸ ਤੋਂ ਬਾਅਦ ਭਾਰੀ ਗਿਣਤੀ ਵਿਚ ਪੁੱਜੀ ਪੁਲਿਸ ਫੋਰਸ ਨੇ ਤੁਰਤ ਕਮਾਦ ਦੇ ਖੇਤ ਨੂੰ ਘੇਰਾ ਪਾ ਲਿਆ ਅਤੇ ਪੂਰੀ ਤਰ੍ਹਾਂ ਛਾਣਬੀਣ ਸ਼ੁਰੂ ਕਰ ਦਿਤੀ ਹੈ ਪਰ ਪੁਲਿਸ ਨੂੰ ਇਸ ਦੌਰਾਨ ਕੁੱਝ ਵੀ ਬਰਾਮਦ ਨਹੀਂ ਹੋਇਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਣਬੀਣ ਜਾਰੀ ਰਹੇਗੀ, ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਇਤਲਾਹ ਦੇਵੇ।
ਦਸ ਦਈਏ ਕਿ ਅਤਿਵਾਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਪੰਜਾਬ ਵਿਚ ਪਹਿਲਾਂ ਹੀ ਹਾਈ ਅਲਰਟ ਕੀਤਾ ਹੋਇਆ ਹੈ। ਜਿਸ ਕਰਕੇ ਪੁਲਿਸ ਵੀ ਅਲਰਟ 'ਤੇ ਹੈ, ਪਰ ਹਥਿਆਰਬੰਦ ਸ਼ੱਕੀ ਅਤਿਵਾਦੀਆਂ ਦੀ ਖ਼ਬਰ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।