
ਅਕਸਰ ਜ਼ੁਬਾਨ ਫਿਸਲਣ ਨਾਲ ਚਰਚਾ ਵਿਚ ਰਹਿਣ ਵਾਲੇ ਸੁਖਬੀਰ ਬਾਦਲ ਇਕ ਵਾਰ ਫਿਰ ਇਸ ਤਰ੍ਹਾਂ ਦੇ ਇਕ ਮਾਮਲੇ ਨੂੰ ਲੈ ਕੇ....
ਚੰਡੀਗੜ੍ਹ (ਭਾਸ਼ਾ) : ਅਕਸਰ ਜ਼ੁਬਾਨ ਫਿਸਲਣ ਨਾਲ ਚਰਚਾ ਵਿਚ ਰਹਿਣ ਵਾਲੇ ਸੁਖਬੀਰ ਬਾਦਲ ਇਕ ਵਾਰ ਫਿਰ ਇਸ ਤਰ੍ਹਾਂ ਦੇ ਇਕ ਮਾਮਲੇ ਨੂੰ ਲੈ ਕੇ ਚਰਚਾ ਵਿਚ ਆ ਗਏ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਜ਼ੁਬਾਨ ਫਿਸਲ ਗਈ ਅਤੇ ਸ਼ਬਦਾਂ ਦਾ ਗ਼ਲਤ ਉਚਾਰਨ ਕਰ ਗਏ। ਦਰਅਸਲ ਬੀਤੇ ਦਿਨ ਇਕ ਪ੍ਰੈੱਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰ ਦੇ ਕੁੱਝ ਫ਼ੈਸਲਿਆਂ ਨੂੰ ਪੀਐਮ ਮੋਦੀ ਦਾ ਧੰਨਵਾਦ ਕਰ ਰਹੇ ਸਨ। ਜਿਸ ਦੌਰਾਨ ਬਾਬੇ ਨਾਨਕ ਦੇ ਪਿੰਡ ਨੂੰ 'ਬੇਬੇ ਨਾਨਕ' ਦਾ ਪਿੰਡ ਆਖ ਗਏ।
Sukhbir Badal
ਨਾਲ ਹੀ ਉਨ੍ਹਾਂ ਸੁਲਤਾਨਪੁਰ ਲੋਧੀ ਨੂੰ ਸੁਲਤਾਨਪੁਰ ਲੇਧੀ ਕਹਿ ਦਿਤਾ, ਇੱਥੇ ਹੀ ਬਸ ਨਹੀਂ ਉਨ੍ਹਾਂ ਟੂਰਿਸਟ ਨੂੰ ਟੇਰਿਸਟ ਵੀ ਬੋਲ ਦਿਤਾ। ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮੌਕਾ ਨਹੀਂ, ਜਦੋਂ ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲੀ ਹੋਵੇ, ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਉਨ੍ਹਾਂ ਦੀ ਜ਼ੁਬਾਨ ਫਿਸਲ ਚੁੱਕੀ ਹੈ। ਪਟਿਆਲਾ ਰੈਲੀ ਦੌਰਾਨ ਤਾਂ ਉਨ੍ਹਾਂ ਦੀ ਜ਼ੁਬਾਨ ਕੁੱਝ ਜ਼ਿਆਦਾ ਹੀ ਫਿਸਲ ਗਈ ਸੀ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਅਪਣੇ ਪਿਤਾ ਦੇ ਸਮਾਨ ਆਖ ਕੇ ਸੰਬੋਧਨ ਕਰ ਦਿਤਾ ਸੀ।
Sukhbir Badal
ਇਸ ਤੋਂ ਬਾਅਦ ਜਿੱਥੇ ਮੀਡੀਆ ਵਿਚ ਕਾਫ਼ੀ ਚਰਚਾ ਹੋਈ ਸੀ, ਉਥੇ ਹੀ ਸੁਖਬੀਰ ਦਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਮਜ਼ਾਕ ਉਡਿਆ ਸੀ। ਦਰਅਸਲ ਸੁਖਬੀਰ ਬਾਦਲ ਨੇ ਇਹ ਪ੍ਰੈੱਸ ਕਾਨਫਰੰਸ ਕੇਂਦਰ ਸਰਕਾਰ ਵਲੋਂ ਕੀਤੇ ਗਏ ਐਲਾਨਾਂ ਦਾ ਕ੍ਰੈਡਿਟ ਲੈਣ ਦੇ ਚੱਕਰ ਵਿਚ ਰੱਖੀ ਸੀ। ਜਿਸ ਦੀ ਇਕ ਪ੍ਰਤੱਖ ਉਦਾਹਰਣ ਇਹ ਵੀ ਹੈ ਕਿ ਸੁਖਬੀਰ ਬਾਦਲ ਵਲੋਂ ਪ੍ਰੈੱਸ ਕਾਨਫਰੰਸ ਵਿਚ ਪੰਜਾਬੀ ਦੀ ਥਾਂ ਹਿੰਦੀ ਭਾਸ਼ਾ ਬੋਲੀ ਗਈ, ਇਸੇ ਹਿੰਦੀ ਬੋਲਣ ਦੇ ਚੱਕਰ ਵਿਚ ਹੀ ਸੁਖਬੀਰ ਵਾਰ-ਵਾਰ ਸ਼ਬਦਾਂ ਦਾ ਗ਼ਲਤ ਉਚਾਰਨ ਕਰਦੇ ਰਹੇ, ਖ਼ੈਰ ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸਾਫ਼ ਹੋ ਜਾਵੇਗਾ ਕਿ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਇਸ ਦਾ ਕਿੰਨਾ ਕੁ ਕ੍ਰੈਡਿਟ ਦਿੰਦੀ ਹੈ??