
ਕੇਂਦਰ ਦੀ ਮੋਦੀ ਸਰਕਾਰ ਦੇ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਦੇ ਬਿਆਨ ਦਾ ਸਵਾਗਤ ਕਰਦੇ ਹੋਏ ਪੰਜਾਬ ਦੇ ਜੰਗਲਾਤ ਅਤੇ ਸਮਾਜ ਕਲਿਆਣ...
ਜਲੰਧਰ (ਸਸਸ) : ਕੇਂਦਰ ਦੀ ਮੋਦੀ ਸਰਕਾਰ ਦੇ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਦੇ ਬਿਆਨ ਦਾ ਸਵਾਗਤ ਕਰਦੇ ਹੋਏ ਪੰਜਾਬ ਦੇ ਜੰਗਲਾਤ ਅਤੇ ਸਮਾਜ ਕਲਿਆਣ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ‘ਤੇ ਕਰਤਾਰਪੁਰ ਕਾਰੀਡੋਰ ਖੁੱਲ੍ਹਵਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਮੰਗ ਕੀਤੀ ਸੀ,
ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਧਰਮਸੋਤ ਨੇ ਕਿਹਾ ਕਿ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਮੁੱਖ ਮੰਤਰੀ ਨੇ ਹਰੇਕ ਪਿੰਡ ਵਿਚ 550 ਬੂਟੇ ਲਗਾਉਣ ਦਾ ਐਲਾਨ ਕੀਤਾ ਹੈ। ਵਿਭਾਗ ਬੂਟੇ ਲਗਾਉਣ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਮਾਲੀ ਦਾ ਪ੍ਰਬੰਧ ਵੀ ਕਰੇਗਾ। ਧਰਮਸੋਤ ਨੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ ਜੱਥੇ ਨੂੰ ਭਾਰਤੀ ਹਾਈ ਕਮਿਸ਼ਨ ਨਾਲ ਨਾ ਮਿਲਣ ਦੇਣ ਦੇ ਮਾਮਲੇ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਬਕਾਏ ਨੂੰ ਲੈ ਕੇ ਧਰਨਾ ਦੇਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਨੇ ਬਾਦਲ ਸਰਕਾਰ ਦੇ ਕਾਰਜਕਾਲ ਦੇ ਸਾਲ 2014 ਤੋਂ ਲੈ ਕੇ 2017 ਦੇ ਫੰਡ ਕੇਂਦਰ ਤੋਂ ਲਿਆ ਕੇ ਸਿੱਖਿਅਕ ਸੰਸਥਾਵਾਂ ਵਿਚ ਵੰਡੇ ਹਨ। ਆਡਿਟ ਰਿਪੋਰਟ ਤੋਂ ਬਾਅਦ ਜੋ ਬਕਾਇਆ ਸੀ, ਉਸ ਨੂੰ ਜਾਰੀ ਕਰ ਦਿਤਾ ਗਿਆ ਹੈ। ਕੇਵਲ ਉਸ ਫੰਡ ਨੂੰ ਰੋਕਿਆ ਗਿਆ ਹੈ ਜਿਸ ਵਿਚ ਤਰੁੱਟੀ ਪਾਈ ਗਈ ਸੀ।
ਇਸ ਮੌਕੇ ‘ਤੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਯਸ਼ਪਾਲ ਧੀਮਾਨ ਅਤੇ ਅਸ਼ੋਕ ਗੁਪਤਾ ਵੀ ਮੌਜੂਦ ਸਨ।