
ਏਅਰਟੈਲ ਤੋਂ ਬਾਅਦ ਹੁਣ ਵੋਡਾਫ਼ੋਨ-ਆਈਡੀਆ ਨੇ ਵੀ ਗਾਹਕਾਂ ਨੂੰ ਦਿਤਾ ਵੱਡਾ ਝਟਕਾ, 25 ਫ਼ੀ ਸਦੀ ਤਕ ਮਹਿੰਗਾ ਹੋਇਆ ਪਲਾਨ
ਨਵੀਂ ਦਿੱਲੀ, 23 ਨਵੰਬਰ : ਨਿਜੀ ਖੇਤਰ ਦੀ ਦੂਰਸੰਚਾਰ ਸੇਵਾ ਕੰਪਨੀ ਵੋਡਾਫ਼ੋਨ, ਆਈਡੀਆ ਨੇ ਅਪਣੇ ਵੱਖ-ਵੱਖ ਪ੍ਰੀਪੇਡ ਪਲਾਨ ਦੀਆਂ ਦਰਾਂ ਵਿਚ 25 ਫ਼ੀ ਸਦੀ ਤਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ। ਏਅਰਟੈੱਲ ਵਲੋਂ ਸੋਮਵਾਰ ਨੂੰ ਦਰਾਂ ਵਧਾਉਣ ਤੋਂ ਬਾਅਦ ਤੀਜੇ ਨੰਬਰ ਦੀ ਸਭ ਤੋਂ ਵੱਡੀ ਕੰਪਨੀ ਨੇ ਅਪਣੀਆਂ ਦਰਾਂ ਵਧਾ ਦਿਤੀਆਂ ਹਨ। ਇਸ ਫ਼ੈਸਲੇ ਨਾਲ ਕੰਪਨੀਆਂ ਦੇ ਔਸਤ ਪ੍ਰਤੀ ਖਪਤਕਾਰ ਮਾਲੀਆ (ਏਪੀਆਰਯੂ) ਵਿਚ ਸੁਧਾਰ ਹੋਣ ਅਤੇ ਕੰਪਨੀਆਂ ਦੇ ਵਿੱਤੀ ਦਬਾਅ ਨੂੰ ਘਟਾਉਣ ਦੀ ਉਮੀਦ ਹੈ। ਵੋਡਾਫ਼ੋਨ ਆਈਡੀਆ ਦੀ ਅੱਜ ਰਿਲੀਜ਼ ਦੇ ਅਨੁਸਾਰ, ਉਸ ਨੇ 28 ਦਿਨਾਂ ਦੀ ਵੈਧਤਾ ਵਾਲੇ ਪ੍ਰੀਪੇਡ ਪਲਾਨ ਦੀਆਂ ਦਰਾਂ ਨੂੰ 79 ਰੁਪਏ ਤੋਂ ਵਧਾ ਕੇ 99 ਰੁਪਏ ਕਰ ਦਿਤਾ ਹੈ, ਜੋ ਸੇਵਾ ਵਿਚ 25.32 ਫ਼ੀ ਸਦੀ ਦਾ ਵਾਧਾ ਦਰਸਾਉਂਦਾ ਹੈ। (ਪੀਟੀਆਈ)