
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਦੇ ਰੇਟ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਕੇਬਲ ਆਪਰੇਟਰਾਂ ਨੇ ਸਵਾਲ ਚੁੱਕੇ ਹਨ।
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਦੇ ਰੇਟ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਕੇਬਲ ਆਪਰੇਟਰਾਂ ਨੇ ਸਵਾਲ ਚੁੱਕੇ ਹਨ। ਕੇਬਲ ਅਪਰੇਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਇੰਝ ਲੱਗਦਾ ਹੈ ਜਿਵੇਂ ਸਾਰਾ ਕੰਮ ਤਬਾਹ ਹੋਣ ਕੰਢੇ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲ ਰਹੀ ਅਤੇ ਅਜਿਹੇ 'ਚ ਕੇਬਲ ਦਾ ਰੇਟ 100 ਰੁਪਏ ਤੈਅ ਕਰਨਾ ਗਲਤ ਹੈ। ਕੇਬਲ ਆਪਰੇਟਰਾਂ ਨੇ ਕਿਹਾ ਕਿ 100 ਰੁਪਏ ਦੀ ਕੇਬਲ ਫੀਸ ਕਿਸੇ ਵੀ ਤਰ੍ਹਾਂ ਵਿਹਾਰਕ ਨਹੀਂ ਹੈ ਕਿਉਂਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੁਆਰਾ 130 ਰੁਪਏ ਤੈਅ ਕੀਤੇ ਗਏ ਹਨ।
Cable operators oppose CM Channi's decision
ਉਹਨਾਂ ਕਿਹਾ ਕਿ ਸਿਰਫ ਟਰਾਈ ਹੀ ਕੇਬਲ ਉਦਯੋਗ ਅਤੇ ਮੋਬਾਈਲ ਉਦਯੋਗ ਨੂੰ ਰੈਗੂਲੇਟ ਕਰਦੀ ਹੈ, ਇਸ ਲਈ ਮੁੱਖ ਮੰਤਰੀ ਚੰਨੀ 100 ਰੁਪਏ ਦੀ ਕੇਬਲ ਫੀਸ ਕਿਵੇਂ ਤੈਅ ਕਰ ਸਕਦੇ ਹਨ। ਮੁੱਖ ਮੰਤਰੀ ਨੂੰ ਅਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਬੁੱਧਵਾਰ ਨੂੰ ਕੇਬਲ ਆਪਰੇਟਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਕੇਬਲ ਦਾ ਕਾਰੋਬਾਰ ਟਰਾਈ ਦੇ ਅਧੀਨ ਆਉਂਦਾ ਹੈ। 3 ਮਾਰਚ 2017 ਤੱਕ 200 ਚੈਨਲਾਂ ਲਈ ਨਵੀਂ ਟੈਰਿਫ ਦਰ 130 ਰੁਪਏ ਪ੍ਰਤੀ ਮਹੀਨਾ ਹੈ। ਪੰਜਾਬ ਵਿਚ 5000 ਕੇਬਲ ਅਪਰੇਟਰ ਹਨ, ਜੋ 1.80 ਲੱਖ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਬਹੁਤ ਦੁੱਖ ਦੀ ਗੱਲ ਹੈ ਕਿ ਕੇਬਲ ਟੀਵੀ ਆਪਰੇਟਰਾਂ ਨੂੰ ਕੁਝ ਸਿਆਸਤਦਾਨਾਂ ਵੱਲੋਂ ਮਾਫੀਆ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਵਿਚ ਕੇਬਲ ਟੀਵੀ ਦਾ ਮਹੀਨਾਵਾਰ ਰੇਟ ਵਧਾ ਕੇ 100 ਰੁਪਏ ਕਰਨ ਦਾ ਐਲਾਨ ਕੀਤਾ ਹੈ। ਕੇਬਲ ਆਪਰੇਟਰ ਇਕ ਕੁਨੈਕਸ਼ਨ 'ਤੇ 20 ਫੀਸਦੀ ਕਮਿਸ਼ਨ ਲੈਂਦੇ ਹਨ। ਅਜਿਹੇ 'ਚ ਕੇਬਲ ਟੀਵੀ ਆਪਰੇਟਰ ਟਰਾਈ ਦੇ ਟੈਰਿਫ ਰੇਟ ਦੇ ਹਿਸਾਬ ਨਾਲ ਕਿੱਥੋਂ ਭੁਗਤਾਨ ਕਰਨਗੇ।
Charanjit Singh Channi
ਕੇਬਲ ਅਪਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਤ ਸਿੰਘ ਗਿੱਲ ਨੇ ਕਿਹਾ ਕਿ ਕੇਬਲਾਂ ਦੇ ਰੇਟ ਤੈਅ ਕਰਨਾ ਸੂਬਾ ਸਰਕਾਰ ਦੇ ਅਧਿਕਾਰ ਵਿਚ ਨਹੀਂ ਹੈ। ਜੇਕਰ ਸਰਕਾਰ 100 ਰੁਪਏ ਦਾ ਐਲਾਨ ਕਰਦੀ ਹੈ, ਤਾਂ ਇਸ ਨੂੰ ਨੋਟੀਫਾਈ ਕੀਤਾ ਜਾਵੇ ਤਾਂ ਜੋ ਕੇਬਲ ਆਪਰੇਟਰ ਟਰਾਈ ਤੋਂ ਪੁੱਛ ਸਕਣ ਕਿ 100 ਰੁਪਏ ਵਿਚ ਸੇਵਾਵਾਂ ਕਿਵੇਂ ਪ੍ਰਦਾਨ ਕੀਤੀਆਂ ਜਾਣ। ਕੇਬਲ ਅਪਰੇਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਇਸ ਬਿਆਨ ਨੇ ਕੇਬਲ ਟੀਵੀ ਕਾਰੋਬਾਰ ’ਤੇ ਨਿਰਭਰ 25 ਹਜ਼ਾਰ ਪਰਿਵਾਰਾਂ ਦੇ ਸਾਹਮਣੇ ਸੰਕਟ ਖੜ੍ਹਾ ਕਰ ਦਿੱਤਾ ਹੈ। ਕੇਬਲ ਅਪਰੇਟਰਾਂ ਨੂੰ ਨਾ ਸਿਰਫ ਮਾਫੀਆ ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਹੈ ਸਗੋਂ 100 ਰੁਪਏ ਪ੍ਰਤੀ ਕੁਨੈਕਸ਼ਨ ਦੇਣ ਦੀ ਗੱਲ ਕਹਿ ਕੇ ਉਹਨਾਂ ਦਾ ਰੁਜ਼ਗਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Cable operators oppose CM Channi's decision
ਉਹਨਾਂ ਕਿਹਾ ਕਿ ਇਸ ਦਾ ਸਿੱਧਾ ਲਾਭ ਡੀਟੀਐਚ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਹੋਵੇਗਾ, ਜਿਨ੍ਹਾਂ ਦੇ ਪੰਜਾਬ ਵਿਚ 17 ਲੱਖ ਕੁਨੈਕਸ਼ਨ ਹਨ। ਕੇਬਲ ਅਪਰੇਟਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ 100 ਰੁਪਏ ਮਹੀਨਾ ਦੇਣ ਵਾਲਾ ਬਿਆਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਹੁਣ ਸੂਬੇ ਵਿਚ ਕੇਬਲ ਟੀਵੀ ਮਾਫੀਆ 'ਤੇ ਨਜ਼ਰ ਹੈ ਅਤੇ ਉਹਨਾਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਹੁਣ ਪੰਜਾਬ ਵਿਚ ਕੇਬਲ ਟੀਵੀ ਦੀ ਮਾਸਿਕ ਫੀਸ 100 ਰੁਪਏ ਹੋਵੇਗੀ।