
ਝੂਠਾ ਅਤੇ ਤੁਗ਼ਲਕੀ ਹੈ ਚੰਨੀ ਦਾ 100 ਰੁਪਏ ਪ੍ਰਤੀ ਮਹੀਨਾ ਕੇਬਲ ਕੁਨੈਕਸ਼ਨ ਦਾ ਐਲਾਨ: ਆਪ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ’ਚ ਕੇਬਲ ਕੁਨੈਕਸ਼ਨ ਪ੍ਰਤੀ ਮਹੀਨਾ 100 ਰੁਪਏ ਕਰਨ ਦੇ ਦਾਅਵੇ ਨੂੰ ਸਿੱਧਾ- ਸਿੱਧਾ ਤੁਗ਼ਲਕੀ ਫ਼ੁਰਮਾਨ ਦੱਸਦੇ ਹੋਏ ਚੰਨੀ ਸਰਕਾਰ ਨੂੰ ਇਸ ਫ਼ੈਸਲੇ ਬਾਰੇ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਚੁਣੌਤੀ ਦਿੱਤੀ ਹੈ। ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ’ਤੇ ਪ੍ਰੈਸ ਕਾਨਫਰੰਸ ਨੂੰ ਸਬੰਧਨ ਕਰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਤੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਸਮਰਥਨ ਤੋਂ ਬੁਖ਼ਲਾਹਟ ਵਿੱਚ ਆ ਕੇ ਮੁੱਖ ਮੰਤਰੀ ਚੰਨੀ ਬਿਨ੍ਹਾਂ ਸੋਚੇ - ਸਮਝੇ ਐਲਾਨ -ਦਰ- ਐਲਾਨ ਕਰਦੇ ਆ ਰਹੇ ਹਨ, ਪ੍ਰੰਤੂ ਅਸਲੀਅਤ ਵਿੱਚ ਜ਼ਮੀਨ ’ਤੇ ਕੁੱਝ ਵੀ ਅਮਲ ਨਹੀਂ ਹੋ ਰਿਹਾ। ਇਸੇ ਕਰਕੇ ਮੁੱਖ ਮੰਤਰੀ ਚੰਨੀ ‘ਨਕਲੀ ਕੇਜਰੀਵਾਲ’ ਵਜੋਂ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਰਹੇ ਹਨ।
Charanjit Singh Channi
ਮਾਲਵਿੰਦਰ ਸਿੰਘ ਕੰਗ ਨੇ ਕਿਹਾ, ‘‘100 ਰੁਪਏ ਪ੍ਰਤੀ ਕੁਨੈਕਸ਼ਨ ਦਾ ਸਵਾਗਤ ਹੈ, ਪ੍ਰੰਤੂ ਮੁੱਖ ਮੰਤਰੀ ਇਹ ਤਾਂ ਦੱਸਣ ਕਿ ਇਹ ਸੰਭਵ ਕਿਵੇਂ ਹੋਵੇਗਾ? ਇਸ ਬਾਰੇ ਨੋਟੀਫ਼ਿਕੇਸ਼ਨ ਕਦੋਂ ਜਾਰੀ ਕਰਨਗੇ? ਫ਼ੈਸਲੇ ਦਾ ਐਲਾਨ ਕਰਨ ਤੋਂ ਪਹਿਲਾ ਚਰਨਜੀਤ ਸਿੰਘ ਚੰਨੀ ਨੇ ਕੀ ਕੇਬਲ ਨੈਟਵਰਕ ਓਪਰੇਸ਼ਨ ਲਈ ਸੂਬਾ ਅਤੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਦੇ ਨਿਯਮ- ਕਾਨੂੰਨ ਅਤੇ ਅਧਿਕਾਰ ਖੇਤਰ ਬਾਰੇ ਕੋਈ ਪੜ੍ਹਾਈ- ਲਿਖਾਈ (ਸਟੱਡੀ) ਜਾਂ ਘੋਖ਼ ਪੜਤਾਲ ਕੀਤੀ ਸੀ? ਮੁੱਖ ਮੰਤਰੀ ਦੱਸਣ ਕਿ ਕੀ ਉਹ ਕੇਬਲ ਓਪਰੇਟਰਾਂ ਨੂੰ ਹੀ ਕੇਬਲ ਮਾਫੀਆ ਸਮਝਦੇ ਹਨ?’’ ਕੰਗ ਅਨੁਸਾਰ ਜੇਕਰ ਮੁੱਖ ਮੰਤਰੀ ਚੰਨੀ ਨੇ ਇਹਨਾਂ ਪੱਖਾਂ ਅਤੇ ਤੱਥਾਂ ਉਤੇ ਥੋੜੀ ਬਹੁਤੀ ਵੀ ਗ਼ੌਰ ਕੀਤੀ ਹੁੰਦੀ ਤਾਂ ਉਹ ਬਿਨ੍ਹਾਂ ਸੋਚੇ- ਸਮਝੇ 100 ਰੁਪਏ ਪ੍ਰਤੀ ਕੇਬਲ ਕੁਨੈਕਸ਼ਨ ਦਾ ਤੁਗਲਕੀ ਐਲਾਨ ਨਾ ਕਰਦੇ ਕਿਉਂਕਿ ਕੇਬਲ ਨੈਟਵਰਕ ਦੇ ਰੇਟ ਤਾਂ ਟਰਾਈ ਵੱਲੋਂ ਹੀ ਨਿਰਧਾਰਤ ਕੀਤੇ ਜਾਂਦੇ ਹਨ।
Malvinder Singh Kang
ਮਾਲਵਿੰਦਰ ਸਿੰਘ ਕੰਗ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚੰਨੀ ਨੇ ਬਿਨ੍ਹਾਂ ਸੋਚੇ- ਸਮਝੇ 100 ਰੁਪਏ ਵਸੂਲੀ ਦਾ ਐਲਾਨ ਕਰਕੇ ਪੰਜਾਬ ਦੇ 5 ਹਜ਼ਾਰ ਕੇਬਲ ਓਪਰੇਟਰਾਂ ਤੋਂ ਰੋਜ਼ਗਾਰ ਖੋਹਣ ਦਾ ਐਲਾਨ ਕੀਤਾ ਹੈ, ਜਦੋਂ ਕਿ ਕਾਂਗਰਸੀਆਂ ਦੇ ਚੋਣ ਵਾਅਦਿਆਂ ਦੇ ਬਾਵਜੂਦ ਲੱਖਾਂ ਨੌਜਵਾਨ ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਹਨ। ਕਾਂਗਰਸ ਸਰਕਾਰ ਨੇ ਵਾਅਦੇ ਕਰਕੇ ਨਾ ਤਾਂ ਆਮ ਲੋਕਾਂ ਦੇ ਧੀਆਂ- ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਅਤੇ ਨਾ ਹੀ ਰੇਤ ਅਤੇ ਕੇਬਲ ਮਾਫੀਆ ਸਮੇਤ ਟਰਾਂਸਪੋਰਟ ਮਾਫ਼ੀਆ ਨੂੰ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਐਲਾਨ ਤੋਂ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਵੱਡੇ ਕੇਬਲ ਅਤੇ ਨੈਟਵਰਕ ਮਾਫੀਆ ’ਤੇ ਕਾਰਵਾਈ ਕਰਨ ਦੀ ਥਾਂ ਆਮ ਕੇਬਲ ਓਪਰੇਟਰਾਂ ਨੂੰ ਮਾਰ ਰਹੀ ਹੈ।
Aam Aadmi Party
ਕੰਗ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚੰਨੀ ਨੇ ਕੇਬਲ ਕੁਨੈਕਸ਼ਨ ਦਾ ਮੁੱਲ 100 ਰੁਪਏ ਕਰਨ ਦਾ ਐਲਾਨ ਕੇਵਲ ਤੇ ਕੇਵਲ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਤੋਂ ਘਬਰਾ ਕੇ ਕੀਤਾ ਹੈ, ਕਿਉਂਕਿ ਜਦੋਂ ਵੀ ਅਰਵਿੰਦ ਕੇਜਰੀਵਾਲ ਪੰਜਾਬਵਾਸੀਆਂ ਲਈ ਕੋਈ ਕਲਿਆਣਕਾਰੀ ਗਰੰਟੀ ਦਾ ਐਲਾਨ ਕਰਦੇ ਹਨ ਤਾਂ ਮੁੱਖ ਮੰਤਰੀ ਚੰਨੀ ਘਬਰਾ ਕੇ ਕੋਈ ਨਾ ਕੋਈ ਸਗੂਫ਼ਾ ਛੱਡਦੇ ਹਨ, ਜੋ ਕਾਂਗਰਸ ਸਰਕਾਰ ਦੀ ਘਬਰਾਹਟ ਨੂੰ ਪੇਸ਼ ਕਰਦਾ ਹੈ। ਮਾਲਵਿੰਦਰ ਸਿੰਘ ਕੰਗ ਨੇ ਚੰਨੀ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਕੇਬਲ ਕੁਨੈਕਸ਼ਨ ਬਾਰੇ 100 ਰੁਪਏ ਪ੍ਰਤੀ ਮਹੀਨਾ ਵਸੂਲਣ ਬਾਰੇ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਅਗਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।