
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੈਪਟਨ ਵਲੋਂ ਗਡਕਰੀ ਨੂੰ ਸੜਕੀ ਢਾਂਚੇ ਦੇ ਪ੍ਰਾਜੈਕਟਾਂ 'ਚ ਤੇਜ਼ੀ ਲਿਆਉਣ ਦੀ ਅਪੀਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਜਹਾਜ਼ਰਾਨੀ, ਸੜਕੀ ਆਵਾਜਾਈ ਤੇ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਇਕ ਪੱਤਰ ਲਿਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਦੇ ਸਬੰਧ ਵਿਚ ਸੂਬੇ ਵਿਚ ਸੜਕਾਂ ਦੇ ਬੁਨਿਅਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ਦੀ ਇਤਿਹਾਸਕ ਤੇ ਧਾਰਮਿਕ ਮਹਤੱਤਾ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਨੂੰ ਛੇਤੀ ਅਮਲ ਵਿਚ ਲਿਆਉਣ ਲਈ ਗਡਕਰੀ ਦੇ ਨਿੱਜੀ ਦਖ਼ਲ ਦੀ ਵੀ ਮੰਗ ਕੀਤੀ।
Kartarpur Gurdwara Sahib
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਪੁਰਬ ਮਨਾਉਣ ਦੇ ਸਬੰਧ ਵਿਚ ਬਿਆਸ-ਬਟਾਲਾ-ਡੇਰਾ ਬਾਬਾ ਨਾਨਕ ਸੜਕ ਨੂੰ ਚਹੁ-ਮਾਰਗੀ ਕਰਨ ਤੋਂ ਇਲਾਵਾ ਇਸ ਨੂੰ ਕੌਮੀ ਮਾਰਗ ਐਲਾਨਣ ਦੀ ਮੰਗ ਕੀਤੀ। ਉਨ੍ਹਾਂ ਨੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਵਿਚ ਸੜਕੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਸੈਂਟਰਲ ਰੋਡ ਫੰਡ (ਸੀ.ਆਰ.ਐਫ) ਯੋਜਨਾ ਤਹਿਤ 150 ਕਰੋੜ ਰੁਪਏ ਦੇ ਵਾਧੂ ਫੰਡ ਦੇਣ ਦੀ ਵੀ ਬੇਨਤੀ ਕੀਤੀ।
Nitin Gadkari
ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਕਪੂਰਥਲਾ-ਸੁਲਤਾਨਪੁਰ ਲੋਧੀ-ਲੋਹੀਆਂ ਰੋਡ (ਐਨ.ਐਚ-703 ਏ) ਨੂੰ ਚਹੁ-ਮਾਰਗੀ ਕਰਨ ਲਈ ਛੇਤੀ ਪ੍ਰਵਾਨਗੀ ਦੇਣ ਦੀ ਵੀ ਮੰਗ ਕੀਤੀ। ਕੈਪਟਨ ਨੇ ਗਡਕਰੀ ਨੂੰ ਲਿਖੇ ਪੱਤਰ ਵਿਚ ਤਰਨ ਤਾਰਨ-ਗੋਇੰਦਵਾਲ ਸਾਹਿਬ-ਕਪੂਰਥਲਾ ਸੜਕ ਨੂੰ ਚਾਰ-ਮਾਰਗੀ ਬਣਾਉਣ ਤੋਂ ਇਲਾਵਾ ਇਸ ਸੜਕ ਨੂੰ ਕੌਮੀ ਮਾਰਗ ਐਲਾਨਣ 'ਤੇ ਜ਼ੋਰ ਦਿਤਾ।
ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸੂਬੇ ਵਿਚ ਸੜਕੀ ਢਾਂਚੇ 'ਚ ਸੁਧਾਰ ਕਰਨ ਦੇ ਸਬੰਧ ਵਿਚ ਗਡਕਰੀ ਨੂੰ 25 ਨਵੰਬਰ, 2018 ਨੂੰ ਇਕ ਅਰਧ ਸਰਕਾਰੀ ਪੱਤਰ ਵੀ ਲਿਖਿਆ ਸੀ।