
ਕਿਸਾਨੀ ਸੰਘਰਸ਼ ਦੀ ਭੇਟ ਚੜਿ੍ਹਆ ਇਕ ਹੋਰ 22 ਸਾਲ ਦਾ ਨੌਜਵਾਨ
ਕੋਟਕਪੂਰਾ, 24 ਜਨਵਰੀ (ਗੁਰਿੰਦਰ ਸਿੰਘ) : ਗ਼ਰੀਬ ਕਿਸਾਨ ਦਾ ਨੌਜਵਾਨ ਬੇਟਾ ਵੀ ਕਿਸਾਨੀ ਸੰਘਰਸ਼ ਦੀ ਭੇਂਟ ਚੜ੍ਹ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ | ਨੇੜਲੇ ਪਿੰਡ ਵੜਿੰਗ ਦੇ ਵਸਨੀਕ ਕਿਰਤੀ ਕਿਸਾਨ ਗੁਰਬੂਟਾ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਨੇ ਅਪਣੇ ਵੱਡੇ ਬੇਟੇ ਮਨਦੀਪ ਸਿੰਘ ਨੂੰ ਬੜੀ ਮੁਸ਼ਕਲ ਨਾਲ ਜਰਮਨ ਵਿਖੇ ਭੇਜਿਆ ਤੇ ਛੋਟਾ ਬੇਟਾ ਸੰਦੀਪ ਸਿੰਘ ਸੋਨਾ (22) ਪਿਛਲੇ ਮਹੀਨੇ ਕੜਾਕੇ ਦੀ ਠੰਢ ਦੀ ਪ੍ਰਵਾਹ ਕੀਤੇ ਬਿਨਾਂ ਟਿਕਰੀ ਬਾਰਡਰ 'ਤੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋ ਗਿਆ | ਲਗਭਗ 10 ਦਿਨਾਂ ਬਾਅਦ ਉਸ ਦੀ ਹਾਲਤ ਵਿਗੜ ਗਈ | ਉਸ ਦੇ ਦੋਸਤਾਂ ਨੇ ਸੰਦੀਪ ਸਿੰਘ ਸੋਨਾ ਨੂੰ ਵਾਪਸ ਉਸ ਦੇ ਘਰ ਪਹੁੰਚਾਇਆ ਤੇ ਹਾਲਤ ਵਿਚ ਸੁਧਾਰ ਨਾ ਹੋਣ ਕਰ ਕੇ ਉਸ ਨੂੰ ਪਹਿਲਾਂ ਕੋਟਕਪੂਰਾ, ਬਠਿੰਡਾ, ਲੁਧਿਆਣਾ ਦੇ ਨਿਜੀ ਹਸਪਤਾਲਾਂ ਵਿਚ ਅਤੇ ਫਿਰ ਪੀਜੀਆਈ ਚੰਡੀਗੜ੍ਹ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਦੀਆਂ ਕਈ ਦਿਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਬਚਾਇਆ ਨਾ ਜਾ ਸਕਿਆ |
ਅੱਜ ਸੰਦੀਪ ਸਿੰਘ ਦੇ ਅੰਤਮ ਸਸਕਾਰ ਮੌਕੇ ਸਾਰੇ ਪਿੰਡ ਵਿਚ ਐਨਾ ਸੋਗਮਈ ਅਤੇ ਮਾਤਮ ਦਾ ਮਾਹੌਲ ਸੀ ਕਿ ਸਾਰਿਆਂ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਉਸ ਨੂੰ ਅੰਤਮ ਵਿਦਾਇਗੀ ਦਿਤੀ | ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਦੂਲ ਸਿੰਘ ਕਾਸਮਭੱਟੀ ਜ਼ਿਲ੍ਹਾ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਫ਼ਰੀਦਕੋਟ ਅਤੇ ਮਿ੍ਤਕ ਦੇ ਰਿਸ਼ਤੇਦਾਰ ਅਮਨ ਵੜਿੰਗ ਨੇ ਦਸਿਆ ਕਿ ਸੰਦੀਪ ਦੇ ਪ੍ਰਵਾਰ ਵਲੋਂ 10 ਤੋਂ 11 ਲੱਖ ਰੁਪਿਆ ਖ਼ਰਚਣ ਦੇ ਬਾਵਜੂਦ ਵੀ ਸੰਦੀਪ ਸਿੰਘ ਸਦੀਵੀ ਵਿਛੋੜਾ ਦੇ ਗਿਆ | ਉਸ ਦੀ ਮਿ੍ਤਕ ਦੇਹ ਉਪਰ ਕਿਰਤੀ ਕਿਸਾਨ ਯੂਨੀਅਨ ਦਾ ਝੰਡਾ ਵੀ ਪਾਇਆ ਗਿਆ ਤੇ ਉਸ ਨੂੰ ਕਿਸਾਨੀ ਸੰਘਰਸ਼ ਦਾ ਸ਼ਹੀਦ ਮੰਨਦਿਆਂ ਪ੍ਰਵਾਰ ਨੂੰ ਪਿੰਡ ਵਾਸੀਆਂ ਨੇ ਹੌਾਸਲਾ ਦਿਤਾ | ਬਲਜਿੰਦਰ ਸਿੰਘ ਵੜਿੰਗ, ਗੁਰਪ੍ਰੀਤ ਸਿੰਘ ਅਤੇ ਤਰਸੇਮ ਸਿੰਘ ਸੇਮਾ ਨੇ ਇਸ ਨੌਜਵਾਨ ਦੀ ਮੌਤ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ | ਮਿ੍ਤਕ ਕਿਸਾਨ ਦੇ ਘਰ ਪੁੱਜੇ ਕਿਸਾਨ ਆਗੂਆਂ ਅਤੇ ਉਥੇ ਹਾਜ਼ਰ ਹੋਰ ਲੋਕਾਂ ਵਲੋਂ ਕੇਂਦਰ ਸਰਕਾਰ ਮੁਰਦਾਬਾਦ ਅਤੇ 'ਜੈ ਜਵਾਨ-ਜੈ ਕਿਸਾਨ' ਦੇ ਨਾਹਰੇ ਵੀ ਲਾਏ ਗਏ |
ਫੋਟੋ :- ਕੇ.ਕੇ.ਪੀ.-ਗੁਰਿੰਦਰ-24-2ਬੀ
ਕੈਪਸ਼ਨ : ਸੰਦੀਪ ਸਿੰਘ ਸੋਨਾ ਦੀ ਮਿ੍ਤਕ ਦੇਹ ਕੋਲ ਵਿਰਲਾਪ ਕਰਦਾ ਪ੍ਰਵਾਰ ਤੇ ਇਨਸੈਟ ਸੰਦੀਪ ਦੀ ਪੁਰਾਣੀ ਤਸਵੀਰ | (ਗੋਲਡਨ)