
ਡਰੱਗ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਰੋਕ ਲੱਗਣ ਤੋਂ ਬਾਅਦ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ।
ਚੰਡੀਗੜ੍ਹ: ਡਰੱਗ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਰੋਕ ਲੱਗਣ ਤੋਂ ਬਾਅਦ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਡਿਪਟੀ ਸੀਐਮ ਰੰਧਾਵਾ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਸ਼ਰਤਾਂ ਦੇ ਆਧਾਰ ’ਤੇ ਜ਼ਮਾਨਤ ਮਿਲੀ ਹੋਵੇ, ਉਸ ਵਲੋਂ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚੈਲੰਜ ਕਰਨਾ ਨਹੀਂ ਬਣਦਾ ਹੈ।
ਉਹਨਾਂ ਕਿਹਾ ਕਿ ਜ਼ਮਾਨਤ ਤੋਂ ਬਾਅਦ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਲੱਖਾਂ ਮਾਵਾਂ ਦੀਆਂ ਅਰਦਾਸਾਂ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲੀ ਹੈ ਪਰ ਅੱਜ ਨਸ਼ੇ ਦੀ ਭੇਟ ਚੜ੍ਹੇ ਹਜ਼ਾਰਾਂ ਨੌਜਵਾਨਾਂ ਦੀਆਂ ਮਾਵਾਂ ਦੀਆਂ ਬਦਅਸੀਸਾਂ ਕਾਰਨ ਹੀ ਮਜੀਠੀਆ ਦੀ ਜ਼ਮਾਨਤ ਰੱਦ ਹੋਈ ਹੈ। ਉਹਨਾਂ ਦੱਸਿਆ ਕਿ ਬਿਕਰਮ ਮਜੀਠੀਆ ਖਿਲਾਫ਼ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਆਵਾਜ਼ ਚੁੱਕੀ ਸੀ ਅਤੇ ਉਸ ਸਮੇਂ ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ।
ਈਡੀ ਦੀ ਕਾਰਵਾਈ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਕਰ ਈਡੀ ਇਮਾਨਦਾਰੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ’ਤੇ ਵੀ ਈਡੀ ਦੇ ਕੇਸ ਹਨ, ਬਿਕਰਮ ਮਜੀਠੀਆ ਖਿਲਾਫ਼ ਵੀ ਈਡੀ ਦਾ ਕੇਸ ਹੈ, ਉਹਨਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਸਿਰਫ਼ ਦਲਿਤ ਸੀਐਮ ਨੂੰ ਡਰਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ?।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ, “ਮੈਨੂੰ ਮੁੱਖ ਮੰਤਰੀ ਅਹੁਦੇ ਦਾ ਕੋਈ ਲਾਲਚ ਨਹੀਂ, ਮੈਂ ਗ੍ਰਹਿ ਮੰਤਰੀ ਬਣ ਕੇ ਗ਼ੰਦ ਖ਼ਤਮ ਕਰਨਾ ਚਾਹੁੰਦਾ ਹਾਂ। ਉਸ ਤੋਂ ਬਾਅਦ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨਾ ਚਾਹੁੰਦਾ ਹਾਂ। ਮੇਰੇ ਪਿਤਾ ਜੀ ਵੀ ਪ੍ਰਧਾਨ ਰਹੇ ਹਨ, ਮੇਰਾ ਪਰਿਵਾਰ ਪੰਜਾਬ ਵਿਚ ਸਭ ਤੋਂ ਪੁਰਾਣਾ ਕਾਂਗਰਸੀ ਪਰਿਵਾਰ ਹੈ। ਮੈਂ ਦਿਲੋਂ ਚਾਹੁੰਦਾ ਹਾਂ ਕਿ ਕਾਂਗਰਸ ਦਾ ਵਰਕਰ ਬਣ ਕੇ ਕੰਮ ਕਰਾਂ”।