
ਬਾਬਾ ਦੀਪ ਸਿੰਘ ਦਾ ਜਨਮ 27 ਜਨਵਰੀ 1682 ਨੂੰ ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਵਿਚ ਹੋਇਆ ਸੀ
ਬਾਬਾ ਦੀਪ ਸਿੰਘ ਦਾ ਜਨਮ 27 ਜਨਵਰੀ, 1682 ਨੂੰ ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਵਿਚ ਹੋਇਆ ਸੀ। ਉਹ ਗੁਰੂ ਗੋਬਿੰਦ ਸਾਹਿਬ ਨੂੰ ਮਿਲਿਆ ਅਤੇ ਅੰਮ੍ਰਿਤ ਛਕਿਆ। 1699 ਵਿਚ, ਵਿਸਾਖੀ ਵਾਲੇ ਦਿਨ, ਬਾਬਾ ਦੀਪ ਸਿੰਘ, 16 ਸਾਲ ਦੀ ਉਮਰ ਵਿਚ, ਆਪਣੇ ਮਾਤਾ-ਪਿਤਾ ਨਾਲ ਆਨੰਦਪੁਰ ਸਾਹਿਬ ਆਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਬਾਅਦ, ਅੰਮ੍ਰਿਤ ਛਕਿਆ।
Photo
1705 ਵਿਚ ਗੁਰੂ ਗੋਬਿੰਦ ਸਿੰਘ ਨੇ ਖ਼ਿਦਰਾਣੇ ਦੀ ਢਾਬ ’ਤੇ ਆਪਣੀ ਆਖ਼ਰੀ ਲੜਾਈ ਲੜੀ। ਇਸ ਤੋਂ ਬਾਅਦ ਗੁਰੂ ਜੀ ਨੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਨਿਵਾਸ ਕੀਤਾ। ਇਥੇ ਭਾਈ ਗੰਡਾ ਸਿੰਘ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਇਸੇ ਦੌਰਾਨ ਬਾਬਾ ਦੀਪ ਸਿੰਘ ਆਪਣੇ ਸਾਥੀਆਂ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਲਈ ਸਾਬੋ ਕੀ ਤਲਵੰਡੀ ਪਹੁੰਚੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿਚ ਆਪਣਾ ਸੀਸ ਰੱਖ ਕੇ ਯੁੱਧ ਦੌਰਾਨ ਗ਼ੈਰ ਹਾਜ਼ਰ ਰਹਿਣ ਦੀ ਮੁਆਫ਼ੀ ਮੰਗੀ ਤੇ ਕਾਫ਼ੀ ਸਮਾਂ ਉਹ ਗੁਰੂ ਜੀ ਦੇ ਗਰਨਾਂ ਵਿਚ ਹੀ ਰਹੇ।
ਇਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ। ਜਿਸ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਗਿਆ। ਨਾਦੇੜ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਮਾਧੋ ਦਾਸ ਵੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵਲ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਕਈ ਜ਼ਾਲਮਾਂ ਨੂੰ ਸਬਕ ਸਿਖਾਇਆ। ਜਿਵੇਂ ਹੀ ਪੰਜਾਬ ਵਿਚਲੇ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਉਧਰ ਨੂੰ ਚਾਲੇ ਪਾ ਦਿਤੇ। ਉਨ੍ਹਾਂ ਵਿਚ ਸਭ ਤੋਂ ਮੋਹਰੀ ਬਾਬਾ ਦੀਪ ਸਿੰਘ ਜੀ ਸਨ।
1709 ਵਿਚ ਬਾਬਾ ਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਸਰਹਿੰਦ ਅਤੇ ਸੰਢੌਰਾ ਨੂੰ ਮੁਗਲਾਂ ਦੇ ਅੱਤਿਆਚਾਰਾਂ ਤੋਂ ਆਜ਼ਾਦ ਕਰਵਾਇਆ ਸੀ। 1733 ਵਿਚ, ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਆਪਣੇ ਇਕ ਦਸਤੇ ਦਾ ਮੁਖੀ ਬਣਾਇਆ। 1748 ਵਿਚ ਜਦੋਂ ਖ਼ਾਲਸਾ ਸਿੱਖਾਂ ਨੇ ਮਿਸਲਾਂ (ਛੋਟੇ ਸਿੱਖ ਰਾਜਨੀਤਕ ਸਮੂਹ ਜਿਨ੍ਹਾਂ ’ਚ ਯੋਧਾ ਸਮੂਹ ਸ਼ਾਮਲ ਸਨ ਜੋ ਮੁਗਲ ਜ਼ੁਲਮ ਅਧੀਨ ਪੀੜਤ ਲੋਕਾਂ ਲਈ ਕੰਮ ਕਰਦੇ ਸਨ) ਦਾ ਪੁਨਰਗਠਨ ਕੀਤਾ, ਬਾਬਾ ਦੀਪ ਸਿੰਘ ਨੇ ਸ਼ਹੀਦਾਂ ਮਿਸਲ ਦੀ ਅਗਵਾਈ ਕੀਤੀ।
1756 ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਚੌਥੀ ਵਾਰ ਭਾਰਤ ’ਤੇ ਹਮਲਾ ਕੀਤਾ, ਤਾਂ ਉਸ ਨੇ ਕਈ ਭਾਰਤੀ ਸ਼ਹਿਰਾਂ ਨੂੰ ਲੁੱਟ ਲਿਆ ਅਤੇ ਬਹੁਤ ਸਾਰੀਆਂ ਭਾਰਤੀ ਔਰਤਾਂ ਨੂੰ ਗ਼ੁਲਾਮ ਬਣਾ ਲਿਆ ਅਤੇ ਕਾਬੁਲ ਵਾਪਸ ਆ ਰਿਹਾ ਸੀ, ਜਦੋਂ ਬਾਬਾ ਦੀਪ ਸਿੰਘ ਜੀ ਦੀ ‘ਸ਼ਹੀਦ ਮਿਸਲ’ ਫ਼ੌਜ ਨੇ ਕੁਰੂਕਸ਼ੇਤਰ ਦੇ ਨੇੜੇ ਪਿਪਲੀ ਵਿਖੇ ਉਸ ’ਤੇ ਹਮਲਾ ਕਰ ਦਿਤਾ ਤੇ ਛਾਪਾ ਮਾਰ ਕੇ ਮਾਰਕੰਡੇ ਨਦੀ ’ਤੇ ਉਨ੍ਹਾਂ ਨੇ ਗੁਰੀਲਾ ਯੁੱਧ ਦੀ ਮਦਦ ਨਾਲ ਲਗਭਗ 300 ਔਰਤਾਂ ਨੂੰ ਆਜ਼ਾਦ ਕਰਵਾਇਆ।
ਬਾਬਾ ਦੀਪ ਸਿੰਘ ਜੀ ਨੇ ਜਿਨ੍ਹਾਂ ਔਰਤਾਂ ਨੂੰ ਹਮਲਾਵਰਾਂ ਤੋਂ ਬਚਾਇਆ ਸੀ, ਭਾਵੇਂ ਉਹ ਹਿੰਦੂ ਪਰਵਾਰਾਂ ਦੀਆਂ ਹੋਣ ਜਾਂ ਮੁਸਲਮ ਪਰਵਾਰਾਂ ਦੀਆਂ, ਉਨ੍ਹਾਂ ਦੀ ਸੁਰੱਖਿਆ ਵਿਚ ਕੋਈ ਵਿਤਕਰਾ ਨਹੀਂ ਕੀਤਾ ਗਿਆ। ਇਹ ਹਮਲਾ ਬਾਬਾ ਦੀਪ ਸਿੰਘ ਜੀ ਨੇ ਕੁਰੂਕਸ਼ੇਤਰ ਵਿਚ ਕੀਤਾ ਸੀ। ਇਸ ਤੋਂ ਅਬਦਾਲੀ ਬਹੁਤ ਗੁੱਸੇ ਵਿਚ ਆ ਗਿਆ ਤੇ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਸਿੱਖਾਂ ਨੂੰ ਖ਼ਤਮ ਕਰਨ ਦਾ ਹੁਕਮ ਦਿਤਾ। ਆਪਣੇ ਪਿਤਾ ਤੋਂ ਹੁਕਮ ਮਿਲਣ ਤੋਂ ਬਾਅਦ, ਤੈਮੂਰ ਸ਼ਾਹ ਨੇ ਵੱਖ-ਵੱਖ ਥਾਵਾਂ ’ਤੇ ਗੁਰਦੁਆਰਿਆਂ ਅਤੇ ਪਵਿੱਤਰ ਸਥਾਨਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿਤਾ।
ਇਸ ਸਮੇਂ ਦੌਰਾਨ, ਸਿੱਖਾਂ ਦੇ ਪਵਿੱਤਰ ਸਥਾਨ, ਹਰਿਮੰਦਰ ਸਾਹਿਬ ਨੂੰ ਵੀ ਨੁਕਸਾਨ ਪਹੁੰਚਿਆ ਸੀ। ਜਹਾਨ ਖ਼ਾਨ ਨੇ ਪਵਿੱਤਰ ਸਰੋਵਰ ਨੂੰ ਮਿੱਟੀ ਨਾ ਪੂਰ ਦਿਤਾ ਤੇ ਗਊਆਂ ਨੂੰ ਮਾਰ ਕੇ ਸ੍ਰੀ ਦਰਬਾਰ ਸਾਹਿਬ ਵਿਚ ਰੱਖਿਆ ਗਿਆ ਸੀ।