
ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਘਰ ਦੀ ਪੂਰੀ ਜ਼ਿੰਮੇਵਾਰੀ ਅਪਣੇ ਮੋਢਿਆਂ ’ਤੇ ਲਈ
ਭਗਤਾ ਭਾਈਕਾ (ਰਜਿੰਦਰਪਾਲ ਸ਼ਰਮਾ) : ਇਕ ਸਮਾਂ ਸੀ ਜਦ ਧੀਆ ਨੂੰ ਸਿਰ ਦਾ ਬੋਝ ਮੰਨਿਆ ਜਾਂਦਾ ਸੀ। ਕੁੜੀਆਂ ਨੂੰ ਕਮਜ਼ੋਰ ਤੇ ਘਰ ਦੀ ਦਹਿਲੀਜ਼ ਤਕ ਸੀਮਤ ਰੱਖਣ ਦੀਆਂ ਸਮਾਜਕ ਮਾਨਤਾਵਾਂ ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਸਮਰੱਥਾ ਤੇ ਅੰਕੁਸ਼ ਲਾਉਂਦੀਆ ਰਹੀਆ ਹਨ। ਪਰ ਹੁਣ ਯੁੱਗ ਬਦਲ ਗਿਆ ਹੈ ਕੁੜੀਆਂ ਨੇ ਵੱਡੀਆਂ ਪੁਲਾਂਘਾਂ ਪੁੱਟਦਿਆਂ ਲੰਮੇ ਪੈਂਡੇ ਤੈਅ ਕਰ ਲਏ ਹਨ। ਸੈਂਕੜੇ ਧੀਆਂ ਨੇ ਵੱਖ ਵੱਖ ਖੇਤਰਾਂ ਵਿਚ ਚੰਗਾ ਨਾਮਣਾ ਖੱਟ ਕੇ ਅਪਣਾ ਤੇ ਅਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਪਰਵਾਰ ਦੀ ਆਰਥਕ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਇਹੋ ਜਿਹੀ ਹੀ ਕਹਾਣੀ ਹੈ ਇਕ ਮਿਹਨਤਕਸ਼ ਕੁੜੀ ਅਰਸ਼ਮ ਰਾਣੀ ਦੀ, ਜਿਸਨੇ ਬੁਰੇ ਵਕਤ ਵਿਚ ਘਰ ਦੀ ਕਮਾਂਡ ਸੰਭਾਲੀ ਅਤੇ ਮਾਪਿਆਂ ਦਾ ਅਸਲੀ ਸਹਾਰਾ ਸਾਬਿਤ ਹੋਈ ਤੇ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਬਣੀ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਪਿਤਾ ਲਾਭਾ ਖ਼ਾਨ ਅਤੇ ਮਾਤਾ ਸੀਮਾ ਦੇ ਘਰ ਪੈਦਾ ਹੋਈ ਅਰਸ਼ਮ ਨਿੱਕੀ ਉਮਰੇ ਕਿਸੇ ਬਿਮਾਰੀ ਕਾਰਨ ਭਾਵੇ ਪ੍ਰਾਇਮਰੀ ਪੱਧਰ ਦੀ ਸਿਖਿਆ ਹੀ ਹਾਸਲ ਕਰ ਸਕੀ। ਪਰ ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਪਿਤਾ ਪੁਰਖੀ ਕਿੱਤਾ ਡਰਾਈਵਰੀ ਕਰ ਕੇ ਅਪਣਾ ਘਰ ਚਲਾ ਰਹੀ ਹੈ। ਅਰਸ਼ਮ ਦਸਦੀ ਹੈ ਕਿ ਉਸਦਾ ਇਕ ਭਰਾ ਸੀ ਜਿਸਦਾ ਬਚਪਨ ਵਿਚ ਹੀ ਦੇਹਾਂਤ ਹੋ ਗਿਆ ਸੀ। ਉਸਦੇ ਪਿਤਾ ਪਿਕ ਅੱਪ ਡਾਲਾ ਚਲਾ ਕੇ ਇਲਾਕੇ ਵਿਚ ਢੋ ਢੁਆਈ ਦਾ ਕੰਮ ਕਰਦੇ ਸਨ ਅਤੇ ਅਚਾਨਕ ਬਿਮਾਰ ਹੋ ਗਏ ਤੇ ਪਰਵਾਰ ਦੀ ਆਰਥਕ ਸਥਿਤੀ ਡਗਮਗਾ ਗਈ। ਹੋਰ ਕੋਈ ਚਾਰਾ ਨਾ ਚਲਦਾ ਵੇਖਕੇ ਆਸ਼ਰਮ ਨੇ ਪਿਤਾ ਦੀ ਪਿਕ ਅੱਪ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ।
ਅਰਸ਼ਮ ਦੇ ਪਿਤਾ ਨੇ ਕਿਹਾ ਕਿ ਅੱਜ ਦੇ ਹਾਲਾਤ ਦੇਖਦਿਆਂ ਉਨ੍ਹਾਂ ਨੂੰ ਅਪਣੀ ਬੇਟੀ ਦੀ ਫ਼ਿਕਰ ਤਾਂ ਰਹਿੰਦੀ ਹੈ ਪਰ ਉਨ੍ਹਾਂ ਨੂੰ ਅਪਣੀ ਧੀ ਦੀ ਸਮਝਦਾਰੀ ’ਤੇ ਵੀ ਪੂਰਾ ਮਾਣ ਹੈ। ਉਨ੍ਹਾਂ ਦਸਿਆ ਕਿ ਜਦ ਕਦੇ ਉਹ ਠੀਕ ਹੁੰਦੇ ਹਨ ਤਾਂ ਧੀ ਨਾਲ ਗੱਡੀ ’ਚ ਬੈਠ ਕੇ ਗੇੜੇ ’ਤੇ ਚਲੇ ਜਾਂਦੇ ਹਨ ਪਰ ਜ਼ਿਆਦਾ ਉਨ੍ਹਾਂ ਦੀ ਧੀ ਹੀ ਜਾਂਦੀ ਹੈ। ਅਰਸ਼ਮ ਦੀ ਮਾਤਾ ਨੇ ਕਿਹਾ ਕਿ ਸਮਾਜ ਵਿਚ ਕੁੜੀਆਂ ਮੁੰਡਿਆਂ ਦੇ ਕਿੱਤਿਆਂ ਦੇ ਵਖਰੇਵੇਂ ਹੋਣ ਕਾਰਨ ਪਹਿਲਾ ਥੋੜਾ ਬਹੁਤ ਆਸੇ ਪਾਸੇ ਤੋਂ ਬੜਾ ਕੁੱਝ ਸੁਣਨ ਨੂੰ ਵੀ ਮਿਲਿਆ ਪਰ ਉਨ੍ਹਾਂ ਨੂੰ ਅਪਣੀ ਧੀ ਤੇ ਵਿਸ਼ਵਾਸ ਹੈ ਅਤੇ ਮਾਣ ਵੀ ਹੈ ਕਿ ਉਹ ਜੋਂ ਵੀ ਕਰੇਗੀ ਪਰਵਾਰ ਦੇ ਭਲੇ ਲਈ ਹੀ ਕਰੇਗੀ।
ਅਰਸ਼ਮ ਨੇ ਦਸਦੀ ਹੈ ਕਿ ਅੱਜ ਭਾਵੇ ਬਹੁਤ ਸਾਰੀਆਂ ਕੁੜੀਆਂ ਘਰੇਲੂ ਗੱਡੀਆਂ ਚਲਾ ਰਹੀਆਂ ਹਨ ਪਰ ਇਸਨੂੰ ਕਿੱਤੇ ਦੇ ਰੂਪ ’ਚ ਅਪਣਾਉਣ ਵਾਲੀਆਂ ਨਾ ਮਾਤਰ ਹੀ ਹਨ। ਜਿਸ ਕਰ ਕੇ ਇਸ ਕਿੱਤੇ ’ਚ ਉਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਨ੍ਹਾਂ ਦਾ ਉਸ ਨੇ ਦਲੇਰੀ ਨਾਲ ਸਾਹਮਣਾ ਕੀਤਾ। ਉਸ ਨੇ ਕਿਹਾ ਕਿ ਲੋਕਾਂ ਦੀਆਂ ਮਾੜੀਆਂ ਗੱਲਾਂ ਨੂੰ ਉਹ ਅਣਗੌਲਿਆ ਕਰ ਕੇ ਅਪਣੀ ਮੰਜ਼ਲ ਵੱਲ ਧਿਆਨ ਦਿੰਦੀ ਹੈ।