
ਪੰਜਾਬ ਸਰਕਾਰ ਵਲੋਂ ਸੂਬੇ ਦੀਆਂ 134 ਟਰੱਕ ਅਪਰੇਟਰ ਯੂਨੀਅਨਾਂ ਭੰਗ ਕਰਨ ਦੇ ਫ਼ੈਸਲੇ ਤੋਂ ਬਾਅਦ ਅਪਰੇਟਰਾਂ ਵਲੋਂ ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਬੈਨਰ ਹੇਠ ਆਰੰਭ..
ਪਟਿਆਲਾ, 13 ਅਗੱਸਤ (ਰਣਜੀਤ ਰਾਣਾ ਰੱਖੜਾ, ਜਗਤਾਰ ਸਿੰਘ) : ਪੰਜਾਬ ਸਰਕਾਰ ਵਲੋਂ ਸੂਬੇ ਦੀਆਂ 134 ਟਰੱਕ ਅਪਰੇਟਰ ਯੂਨੀਅਨਾਂ ਭੰਗ ਕਰਨ ਦੇ ਫ਼ੈਸਲੇ ਤੋਂ ਬਾਅਦ ਅਪਰੇਟਰਾਂ ਵਲੋਂ ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਬੈਨਰ ਹੇਠ ਆਰੰਭੇ ਗਏ ਸੰਘਰਸ਼ ਲਈ 16 ਅਗੱਸਤ ਦਾ ਦਿਨ ਫ਼ੈਸਲਾਕੁਨ ਸਾਬਤ ਹੋਣ ਜਾ ਰਿਹਾ ਹੈ। ਇਸ ਦਿਨ ਜਿਥੇ ਟਰੱਕ ਅਪਰੇਟਰਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਨਾਲ ਮੀਟਿੰਗ ਤੈਅ ਹੈ, ਉਥੇ ਹੀ ਟਰੱਕ ਅਪਰੇਟਰਾਂ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਾਏ ਕੇਸ ਦੀ ਅਹਿਮ ਪੇਸ਼ੀ ਵੀ ਹੈ।
ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਦਸਿਆ ਕਿ 16 ਨੂੰ ਸੁਰੇਸ਼ ਕੁਮਾਰ ਨਾਲ ਮੀਟਿੰਗ ਦੌਰਾਨ ਜਿਥੇ ਅਸੀਂ ਸਰਕਾਰ ਦੀ ਨੀਤੀ 'ਤੇ ਅਪਣੇ ਇਤਰਾਜ਼ ਦਾਖ਼ਲ ਕਰਾਂਗੇ, ਉਥੇ ਹੀ ਅਪਣੀਆਂ ਮੁਸ਼ਕਲਾਂ ਤੋਂ ਵੀ ਸਰਕਾਰ ਨੂੰ ਜਾਣੂ ਕਰਵਾਵਾਂਗੇ। ਉਨ੍ਹਾਂ ਕਿਹਾ ਕਿ ਸੁਰੇਸ਼ ਕੁਮਾਰ ਨਾਲ ਮੀਟਿੰਗ ਮਗਰੋਂ ਹੀ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿਚ ਅਸੀਂ ਇਹ ਮੁੱਦਾ ਉਠਾਇਆ ਹੈ ਕਿ ਸਰਕਾਰ ਦੇ ਫ਼ੈਸਲੇ ਦੀ ਬਦੌਲਤ 6 ਲੱਖ 20 ਹਜ਼ਾਰ ਲੋਕ ਬੇਰੋਜ਼ਗਾਰ (ਬਾਕੀ ਸਫ਼ਾ 11 'ਤੇ)
ਹੋਣਗੇ, ਸਰਕਾਰ ਦੱਸੇ ਕਿ ਇਨ੍ਹਾਂ ਨੂੰ ਰੋਜ਼ਗਾਰ ਕਿਵੇਂ ਮਿਲੇਗਾ?
ਉਨ੍ਹਾਂ ਦਸਿਆ ਕਿ 134 ਟਰੱਕ ਯੂਨੀਅਨਾਂ ਦੇ 93000 ਅਪਰੇਟਰਾਂ ਵਲੋਂ ਸਰਕਾਰੀ ਕੰਮਕਾਜ ਦਾ ਬਾਈਕਾਟ ਤੇ ਹੜਤਾਲ ਕਰਨ ਦੀ ਮੁਹਿੰਮ ਨੂੰ ਵੱਡਾ ਸਫ਼ਲਤਾ ਮਿਲੀ ਹੈ ਜਿਸ ਦੀ ਬਦੌਲਤ ਸੂਬੇ ਵਿਚ ਢੋਆ ਢੁਆਈ ਲਈ ਭੇਜੀਆਂ ਜਾ ਰਹੀਆਂ ਸਪੈਸ਼ਲ ਮਾਲ ਗੱਡੀਆਂ ਖ਼ਾਲੀ ਮੁੜ ਰਹੀਆਂ ਹਨ। ਉਨ੍ਹਾਂ ਦਸਿਆ ਕਿ ਪਹਿਲਾਂ ਰੋਜ਼ਾਨਾ 25 ਤੋਂ 30 ਮਾਲ ਗੱਡੀਆਂ ਭਰੀਆਂ ਜਾਂਦੀਆਂ ਸਨ ਪਰ ਹੁਣ ਇਹ ਗਿਣਤੀ 4 ਤੋਂ 5 ਰਹਿ ਗਈ ਹੈ। ਹੈਪੀ ਸੰਧੂ ਨੇ ਦਸਿਆ ਕਿ ਟਰੱਕ ਅਪਰੇਟਰਾਂ ਦੀ ਹੜਤਾਲ ਤੋਂ ਘਬਰਾਈ ਹੋਈ ਸਰਕਾਰ ਨੇ ਅਪਰੇਟਰਾਂ ਦੀ ਕਣਕ ਦੇ ਸੀਜ਼ਨ ਦੀ ਢੋਆ ਢੁਆਈ ਦੀ 150 ਕਰੋੜ ਰੁਪਏ ਦੀ ਪੇਮੈਂਟ ਰੋਕੀ ਹੋਈ ਹੈ ਜਿਸ ਕਾਰਨ ਅਪਰੇਟਰਾਂ ਨੂੰ ਰੋਜ਼ਾਨਾ ਦੇ ਖ਼ਰਚਿਆਂ ਤੋਂ ਵੀ ਮੁਹਾਲ ਹੋਣਾ ਪੈ ਰਿਹਾ ਹੈ।
ਉਨ੍ਹਾਂ ਦਸਿਆ ਕਿ ਟਰੱਕ ਅਪਰੇਟਰਾਂ ਵਲੋਂ ਅਪਣੇ ਸੰਘਰਸ਼ ਦੀ ਅਗਲੀ ਕੜੀ ਵਜੋਂ 18 ਅਗੱਸਤ ਨੂੰ ਸਾਰੇ ਪੰਜਾਬ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ 12 ਤੋਂ 3 ਵਜੇ ਤਕ ਰੋਸ ਧਰਨੇ ਦਿਤੇ ਜਾ ਰਹੇ ਹਨ ਜਦਕਿ 23 ਅਗੱਸਤ ਨੂੰ 12 ਤੋਂ 3 ਪੰਜਾਬ ਦੇ ਸਾਰੇ ਹਾਈਵੇ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪੜਾਅ ਤੋਂ ਅੱਗੇ ਸਰਕਾਰ ਦਾ ਰਵਈਆ ਵਾਚਣ ਮਗਰੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਅਪਰੇਟਰਾਂ ਵਲੋਂ ਅਪਣੇ ਕੇਸ ਦੀ ਪੈਰਵਾਈ ਲਈ ਸੀਨੀਅਰ ਵਕੀਲ ਨਾਲ ਮੁਲਾਕਾਤ ਕਰ ਕੇ ਕੇਸ 'ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਧਾਲੀਵਾਲ, ਜਸਵੀਰ ਸਿੰਘ ਉਪੱਲ, ਹਰਵਿੰਦਰ ਸਿੰਘ ਨੀਟਾ, ਕੁਲਜੀਤ ਸਿੰਘ ਰੰਧਾਵਾ, ਰਾਮ ਪਾਲ ਸਿੰਘ ਬੈਹਣੀਵਾਲ, ਬਾਬੂ ਸਿੰਘ ਜ਼ੀਰਾ, ਚਰਨਜੀਤ ਸਿੰਘ ਢਿੱਲੋਂ ਗਿੱਦੜਬਾਹਾ, ਕਰਮਜੀਤ ਸਿੰਘ ਰਾਮਪੁਰਾ ਫੂਲ, ਰਾਣਾ ਪੰਜੇਟਾ ਅਤੇ ਟਹਿਲ ਸਿੰਘ ਬੁੱਟਰ ਆਦਿ ਪਤਵੰਤੇ ਹਾਜ਼ਰ ਸਨ।
ਡੱਬੀ
ਸਪੈਸ਼ਲਾਂ ਦੀ ਲਦਾਈ ਲਈ ਟਰਾਲੀਆਂ ਵਰਤਣ ਦੀਆਂ ਰੀਪੋਰਟਾਂ
ਟਰੱਕ ਅਪਰੇਟਰਾਂ ਦੀ ਹੜਤਾਲ ਦੇ ਚਲਦੇ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿਚ ਸਪੈਸ਼ਲ ਮਾਲ ਗੱਡੀਆਂ ਵਿਚ ਮਾਲ ਗੋਦਾਮਾਂ ਤੋਂ ਲਿਜਾ ਕੇ ਲੱਦਣ ਦੇ ਕੰਮ ਵਿਚ ਫ਼ੂਡ ਏਜੰਸੀਆਂ ਵਲੋਂ ਟਰੈਕਟਰ ਟਰਾਲੀਆਂ ਦੀ ਵਰਤੋਂ ਕੀਤੇ ਜਾਣ ਦੀ ਰੀਪੋਰਟ ਮਿਲੀ ਹੈ ਹਾਲਾਂਕਿ ਹਾਈ ਕੋਰਟ ਵਲੋਂ ਇਨ੍ਹਾਂ ਦੀ ਕਮਰਸ਼ੀਅਲ ਵਰਤੋਂ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਕੁੱਝ ਜ਼ਿਲ੍ਹਿਆਂ ਵਿਚ ਸਪੈਸ਼ਲ ਮਾਲ ਗੱਡੀਆਂ ਵਾਸਤੇ ਟਰੱਕ ਨਾ ਮਿਲਣ ਮਗਰੋਂ ਇਹ ਟਰੈਕਟਰ ਟਰਾਲੀਆਂ ਦੀ ਵਰਤੋਂ ਕੀਤੇ ਜਾਣਾ ਸ਼ੁਰੂ ਹੋ ਗਿਆ ਹੈ।