
ਹਰਸਿਮਰਤ ਕੌਰ ਬਾਦਲ ਦੀ ਹੈਂਕੜਬਾਜ਼ੀ ਨੂੰ ਇਸ ਵਾਰ ਬਠਿੰਡਾ ਦੇ ਲੋਕ ਤੋੜਣਗੇ
ਬਠਿੰਡਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚੋਂ ਬਾਦਲਾਂ ਦਾ ਸਫ਼ਾਇਆ ਕਰਨ ਦਾ ਅਹਿਦ ਲੈਂਦਿਆਂ ਭਰੋਸਾ ਜਤਾਇਆ ਹੈ ਕਿ ਬਠਿੰਡਾ ਦੇ ਲੋਕ ਹਰਸਿਮਰਤ ਬਾਦਲ ਨੂੰ ਉਸ ਦੀ ਹੈਂਕੜਬਾਜ਼ੀ ਅਤੇ ਅਕਾਲੀਆਂ ਦੇ ਸ਼ਾਸਨ ਦੌਰਾਨ ਵੱਡੀ ਪੱਧਰ 'ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਉਨਾਂ ਨੂੰ ਕਰਾਰਾ ਸਬਕ ਸਿਖਾਉਣਗੇ। ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਪੁੱਜੇ ਮੁੱਖ ਮੰਤਰੀ ਨੇ ਇਸ ਮੌਕੇ ਦੋਸ਼ ਲਗਾਇਆ ਕਿ ਪਿਛਲੇ ਢਾਈ ਸਾਲਾਂ ਦੌਰਾਨ ਪੰਜਾਬ ਨਾਲ ਜੁੜੇ ਵੱਖ-ਵੱਖ ਮਸਲਿਆਂ ਅਤੇ ਮੌਕਿਆਂ 'ਤੇ ਕੇਂਦਰ ਸਰਕਾਰ ਕੋਲ ਸੂਬੇ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਬਜਾਏ ਚੁੱਪ ਵੱਟ ਕੇ ਹਰਸਿਮਰਤ ਕੌਰ ਨੇ ਪੰਜਾਬ ਤੇ ਇੱਥੋਂ ਦੇ ਲੋਕਾਂ ਨਾਲ ਦਗਾ ਕਮਾਇਆ ਹੈ।
Capt Amarinder Singh
ਕੈਪਟਨ ਨੇ ਦਾਅਵਾ ਕੀਤਾ ਕਿ ਬਰਗਾੜੀ ਅਤੇ ਕੋਟਕਪੂਰਾ ਦੀਆਂ ਘਟਨਾਵਾਂ ਲੋਕ ਦੇ ਚੇਤਿਆਂ 'ਚ ਅਜੇ ਵੀ ਤਾਜ਼ਾ ਹਨ ਜੋ ਬਾਦਲਾਂ ਵਲੋਂ ਫਿਰਕੂ ਤਣਾਅ ਪੈਦਾ ਕਰਨ ਦੇ ਯਤਨਾਂ ਦਾ ਸਿੱਟਾ ਸਨ। ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਜਾਂਚ ਵਿਚ ਦਖ਼ਲ ਦੇਣਾ ਬਾਦਲਾਂ ਦਾ ਕੀ ਕੰਮ ਸੀ ਅਤੇ ਇੱਥੋਂ ਤੱਕ ਕਿ ਜਾਂਚ ਕਰ ਰਹੀ ਵਿਸ਼ੇਸ਼ ਟੀਮ ਦੇ ਅਫ਼ਸਰ ਦਾ ਤਬਾਦਲਾ ਕਰਕੇ ਚੋਣ ਕਮਿਸ਼ਨ ਨੇ ਵੀ ਆਪਣੀ ਸੀਮਾ ਪਾਰ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿਤੀ ਕਿ ਬਾਦਲਾਂ ਨੂੰ ਆਪਣੀਆਂ ਕੀਤੀਆਂ ਹੋਈਆਂ ਭੁਗਤਣੀਆਂ ਪੈਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਉਹ ਦੋ ਦਿਨ ਹਰਸਿਮਰਤ ਕੌਰ ਦੇ ਹਲਕੇ ਬਠਿੰਡਾ ਵਿਚ ਅਤੇ ਦੋ ਦਿਨ ਫ਼ਿਰੋਜ਼ਪੁਰ ਵਿਚ ਲਾਉਣਗੇ।
Capt Amarinder Singh during press confrence
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਅਪਣੇ ਵਾਅਦੇ ਮੁਤਾਬਕ ਨਸ਼ਿਆਂ ਦਾ ਲੱਕ ਤੋੜ ਦਿਤਾ ਹੈ ਅਤੇ ਸੂਬਾ ਸਰਕਾਰ ਵੱਖ-ਵੱਖ ਮੋਰਚਿਆਂ ਖਾਸ ਕਰ ਕੇ ਆਈ.ਐਸ.ਆਈ. ਵਲੋਂ ਪੰਜਾਬ ਦੀ ਨੌਜਵਾਨੀ ਤਬਾਹ ਕਰਨ ਲਈ ਕਸ਼ਮੀਰ, ਗੁਜਰਾਤ ਅਤੇ ਹੋਰ ਸੂਬਿਆਂ ਰਾਹੀਂ ਨਸ਼ਿਆਂ ਦੀ ਖੇਪ ਭੇਜਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਰੁਧ ਲੜਾਈ ਲੜ ਰਹੀ ਹੈ। ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਵਿਚ ਮੰਤਰੀਆਂ ਅਤੇ ਵਿਧਾਇਕਾਂ ਦੀ ਚੋਣਾਂ ਵਿਚ ਕਾਰਗੁਜ਼ਾਰੀ ਬਾਰੇ ਜ਼ਿੰਮੇਵਾਰੀ ਤੈਅ ਕਰਨ ਦੇ ਲਏ ਫੈਸਲੇ ਵਿਰੁੱਧ ਪ੍ਰਤਾਪ ਸਿੰਘ ਬਾਜਵਾ ਵਲੋਂ ਕੀਤੀ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਜਿੱਤ ਜਾਂ ਹਾਰ ਦੀ ਜ਼ਿੰਮੇਵਾਰੀ ਸਮੁੱਚੀ ਪਾਰਟੀ ਦੀ ਹੁੰਦੀ ਹੈ ਪਰ ਸੀਨੀਅਰ ਲੀਡਰ ਵਧੇਰੇ ਜਵਾਬਦੇਹ ਹੁੰਦੇ ਹਨ।
Captain with Raja Warring and othres
ਇਸ ਮੌਕੇ ਉਨ੍ਹਾਂ ਪਾਰਟੀ ਉਮੀਦਵਾਰ ਰਾਜਾ ਵੜਿੰਗ, ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਣਇੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ, ਸਹਿਰੀ ਪ੍ਰਧਾਨ ਅਰੁਣ ਵਧਾਵਨ, ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਚਿਰੰਜੀ ਲਾਲ ਗਰਗ, ਗੁਰਮੀਤ ਸਿੰਘ ਖੁੱਡੀਆ, ਮਾਨਸਾ ਦੀ ਜ਼ਿਲ੍ਹਾ ਪ੍ਰਧਾਨ ਮੰਜੂ ਬਾਂਸਲ, ਬੀਬੀ ਰਣਜੀਤ ਕੌਰ ਭੱਟੀ, ਜੈਜੀਤ ਸਿੰਘ ਜੌਹਲ ਆਦਿ ਹਾਜ਼ਰ ਸਨ।