
ਮਾਂ ਨੇ ਮੌਕੇ 'ਤੇ ਤੋੜਿਆ ਦਮ ਤੇ ਪੁੱਤਰ ਜ਼ਖ਼ਮੀ
ਜਲੰਧਰ : ਮੀਟਰ ਚੈੱਕ ਕਰਨ ਦੇ ਬਹਾਨੇ ਨੌਜਵਾਨ ਵਲੋਂ ਘਰ ਵਿਚ ਵੜ ਕੇ ਵੱਡੀ ਘਟਨਾ ਨੂੰ ਅੰਜਾਮ ਦਿਤਾ ਗਿਆ ਹੈ। ਮੁਲਜ਼ਮ ਨੇ ਮਾਂ-ਪੁੱਤਰ 'ਤੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਿਆ।
ਇਸ ਵਾਰਦਾਤ ਵਿਚ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਤੜਕੇ ਕਰੀਬ ਸਾਢੇ 6 ਵਜੇ ਦੀ ਦੱਸੀ ਜਾ ਰਹੀ ਹੈ। ਮਹਿਤਪੁਰ ਦੇ ਉਧੋਵਾਲ ਤੋਂ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਬਖਸ਼ ਕੌਰ ਵਜੋਂ ਹੋਈ ਹੈ ਜਦਕਿ ਉਨ੍ਹਾਂ ਦਾ ਪੁੱਤਰ ਦੀਪਕ ਕੁਮਾਰ ਜ਼ਖ਼ਮੀ ਹੋ ਗਿਆ ਹੈ।
ਇਹ ਵੀ ਪੜ੍ਹੋ: ਨਵ-ਨਿਯੁਕਤ ਰੁਪਿੰਦਰਜੀਤ ਬੈਂਸ ਨੇ ਨੌਕਰੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਦੱਸਿਆ ਜਾ ਰਿਹਾ ਹੈ ਕਿ ਇੱਕ ਅਣਪਛਾਤੇ ਨੌਜਵਾਨ ਨੇ ਮੀਟਰ ਚੈੱਕ ਕਰਨ ਦਾ ਬਹਾਨਾ ਬਣਾਇਆ ਅਤੇ ਘਰ ਵਿਚ ਦਾਖ਼ਲ ਹੋਇਆ। ਜਦੋਂ ਘਰ ਅੰਦਰ ਮੌਜੂਦ ਔਰਤ ਨੂੰ ਕਿਹਾ ਕਿ ਤੁਹਾਡਾ ਮੀਟਰ ਖਰਾਬ ਹੈ ਅਤੇ ਮੈਂ ਚੈੱਕ ਕਰਨ ਆਇਆ ਹਾਂ। ਇਸ 'ਤੇ ਜਦੋਂ ਔਰਤ ਨੇ ਮਨ੍ਹਾ ਕੀਤਾ ਤਾਂ ਉਸ ਨੇ ਗੋਲੀ ਚਲਾ ਦਿਤੀ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਔਰਤ ਦਾ ਪੁੱਤਰ ਬਾਹਰ ਆਇਆ ਤਾਂ ਮੁਲਜ਼ਮ ਨੇ ਉਸ 'ਤੇ ਵੀ ਗੋਲੀਆਂ ਚਲਾ ਦਿਤੀਆਂ। ਇਸ ਦੌਰਾਨ ਗੁਰਬਖਸ਼ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਪੁੱਤਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।