
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਦਿੱਲੀ ਸਰਕਾਰ ਵਲੋਂ ਜਾਰੀ ਇਕ
ਚੰਡੀਗੜ੍ਹ, 24 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਦਿੱਲੀ ਸਰਕਾਰ ਵਲੋਂ ਜਾਰੀ ਇਕ ਇਸ਼ਤਿਹਾਰ, ਜਿਸ ਵਿਚ ਸਿੱਕਿਮ ਨੂੰ ਦੇਸ਼ ਤੋਂ ਵੱਖ ਦਰਸਾਇਆ ਗਿਆ ਹੈ, ਨੇ ਆਮ ਆਦਮੀ ਪਾਰਟੀ ਦਾ ਵੱਖਵਾਦੀ ਚਿਹਰਾ ਇਕ ਵਾਰ ਫਿਰ ਬੇਨਕਾਬ ਕਰ ਦਿਤਾ ਹੈ। ਅੱਜ ਇਥੋਂ ਜਾਰੀ ਬਿਆਨ ਵਿਚ ਜਾਖੜ ਨੇ ਦਸਿਆ ਕਿ ਦਿੱਲੀ ਸਰਕਾਰ ਨੇ ਅੱਜ ਸਿਵਲ ਡਿਫ਼ੈਂਸ ਕੋਰ ਵਿਚ ਸਵੈਸੇਵਕ ਵਜੋਂ ਭਰਤੀ ਹੋਣ ਲਈ ਇਕ ਇਸ਼ਤਿਹਾਰ ਅਖ਼ਬਾਰਾਂ ਵਿਚ ਜਾਰੀ ਕੀਤਾ, ਜਿਸ ਵਿਚ ਦੇਸ਼ ਦੇ ਅਭਿੰਨ ਅੰਗ ਸਿੱਕਿਮ ਨੂੰ ਭੁਟਾਨ ਅਤੇ ਨੇਪਾਲ ਵਾਂਗ ਵਖਰਾ ਮੁਲਕ ਹੋਣ ਵਾਂਗ ਲਿਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਮਾਨ ਵੀ ਭੁੱਲ ਮੰਨਿਆ ਜਾ ਸਕਦਾ ਸੀ ਪਰ ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦਾ ਪਿੱਛੋਕੜ ਰਿਹਾ ਹੈ, ਉਸ ਨੂੰ ਵੇਖ ਕੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਅਜਿਹਾ ਜਾਣਬੁੱਝ ਕੇ ਸੋਚੀ-ਸਮਝੀ ਨੀਤੀ ਤਹਿਤ ਅਪਣੀ ਵੱਖਵਾਦੀ ਵਿਚਾਰਧਾਰਾ ਨੂੰ ਪ੍ਰਫੁਲਤ ਕਰਨ ਲਈ ਕੀਤਾ ਗਿਆ ਹੈ। ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਵਿਚ ਪ੍ਰਵਾਸ ਦੌਰਾਨ ਜਿਸ ਤਰ੍ਹਾਂ ਵੱਖਵਾਦੀਆਂ ਦੇ ਘਰਾਂ ਵਿਚ ਰੁਕਦੇ ਰਹੇ ਹਨ ਅਤੇ ਅਤਿਵਾਦੀ ਵਿਚਾਰਧਾਰਾ ਦਾ ਸਮੱਰਥਨ ਕਰਦੇ ਰਹੇ ਹਨ। ਇਸ ਲਈ ਇਸ ਪਾਰਟੀ ਦੀ ਸਰਕਾਰ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਸੀ।
File photo
ਜਾਖੜ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਚੋਟ ਕਰ ਕੇ ਇਹ ਪਾਰਟੀ ਅਪਣੀ ਗੁੱਝੀ ਨੀਤੀ 'ਤੇ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਤਾਂ ਇਨ੍ਹਾਂ ਦੀ ਵੱਖਵਾਦੀ ਸੋਚ ਨੂੰ ਪਹਿਲਾਂ ਹੀ ਸਮਝ ਲਿਆ ਸੀ ਅਤੇ 2017 ਵਿਚ ਇਨ੍ਹਾਂ ਨੂੰ ਪੰਜਾਬ ਵਿਚੋਂ ਨਕਾਰ ਦਿਤਾ ਸੀ ਪਰ ਫਿਰ ਵੀ ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਵੱਖਵਾਦੀ ਅਤੇ ਦੇਸ਼ ਨੂੰ ਵੰਡਣ ਵਾਲੀ ਸੋਚ ਤੋਂ ਸਾਵਧਾਨ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਨੇ ਪਹਿਲਾਂ ਵੀ ਸਾਡੇ ਮੁਲਕ ਦਾ ਵੱਡਾ ਨੁਕਸਾਨ ਕੀਤਾ ਹੈ ਅਤੇ ਸਾਨੂੰ ਹਰ ਮੰਚ 'ਤੇ ਇਸ ਤਰ੍ਹਾਂ ਦੇ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ।