
ਪੰਜਾਬ ਦੇ ਲੋਕ ਸਹਾਇਤਾ ਨੰਬਰ 782 - 727 - 5743 ’ਤੇ ਕਾਲ ਕਰਕੇ ਕੋਰੋਨਾ ਤੋਂ ਬਚਾਅ ਅਤੇ ਇਲਾਜ ਲਈ ਲੈ ਸਕਦੇ ਨੇ ਮਦਦ: ਵਿਧਾਇਕ ਮੀਤ ਹੇਅਰ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕੋਰੋਨਾ ਮਹਾਮਾਰੀ ਦੇ ਔਖੇ ਸਮੇਂ ਵਿੱਚ ਸੂਬੇ ਦੇ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ‘ਆਪ ਦਾ ਡਾਕਟਰ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਪੰਜਾਬ ਵਾਸੀਆਂ ਲਈ ਇੱਕ ਹੈਲਪ ਲਾਇਨ ਨੰਬਰ 782 - 727 - 5743 ਜਾਰੀ ਕੀਤਾ ਗਿਆ ਹੈ, ਜਿਸ ’ਤੇ ਸੰਪਰਕ ਕਰਕੇ ਕੋਈ ਵਿਅਕਤੀ ਕੋਰੋਨਾ ਵਾਇਰਸ ਤੋਂ ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
Meet Hayer
ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ’ਤੇ ਆਮ ਆਦਮੀ ਪਾਰਟੀ ਦੇ ਮੈਡੀਕਲ ਵਿੰਗ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਮੈਡੀਕਲ ਵਿੰਗ ਦੇ ਪ੍ਰਧਾਨ ਡਾ. ਰਵਜੋਤ , ਉਪ ਪ੍ਰਧਾਨ ਡਾ. ਚਰਨਜੀਤ ਸਿੰਘ ਚੰਨੀ ਅਤੇ ਡਾ. ਸੰਜੀਵ ਸ਼ਰਮਾ ਨੇ ‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ ਕੀਤਾ। ਇਸ ਸਮੇਂ ਵਿਧਾਇਕ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਲੋਕ ਆਪ ਦੇ ਮੈਡੀਕਲ ਵਿੰਗ ਵੱਲੋਂ ਜਾਰੀ ਸਹਾਇਤਾ ਨੰਬਰ 782 - 727 - 5743 ’ਤੇ ਕਾਲ ਕਰਕੇ ਡਾਕਟਰਾਂ ਕੋਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਅਤੇ ਮਦਦ ਲੈ ਸਕਦੇ ਹਨ।
Coronavirus
ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ’ਚ ਫ਼ੇਲ ਸਿੱਧ ਹੋਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੈ, ਇਸ ਲਈ ਆਪ ਦੇ ਮੈਡੀਕਲ ਵਿੰਗ ਵੱਲੋਂ ਇਹ ਵਿਸ਼ੇਸ਼ ਹੈਲਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਮੇਂ ਆਪ ਦੇ ਮੈਡੀਕਲ ਵਿੰਗ ਦੇ ਪ੍ਰਧਾਨ ਡਾ. ਰਵਜੋਤ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੋਰੋਨਾ ਲਾਗ ਦੇ ਖ਼ਿਲਾਫ਼ ਵੈਕਸੀਨ ਨੂੰ ਲੈ ਕੇ ਗੰਭੀਰ ਨਹੀਂ, ਕਿਉਂਕਿ ਸੂਬੇ ’ਚ ਵੈਕਸੀਨ ਦੀ ਭਾਰੀ ਘਾਟ ਹੈ। ਉਨ੍ਹਾਂ ਸਵਾਲ ਕੀਤਾ ਕਿ ਬਿਨਾਂ ਵੈਕਸੀਨ ਤੋਂ ਲੋਕਾਂ ਨੂੰ ਕੋਰੋਨਾ ਲਾਗ ਤੋਂ ਕਿਵੇਂ ਬਚਾਇਆ ਜਾ ਸਕਦਾ ?
AAP launches ‘Doctor Helpline' campaign
ਇਸੇ ਤਰ੍ਹਾਂ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਕੋਰੋਨਾ ਲਾਗ ਦੇ ਨਾਲ ਨਾਲ ਬਲੈਕ ਫੰਗਸ ਦੇ ਮਾਮਲੇ ਵੀ ਵੱਧ ਰਹੇ ਹਨ। ਪਰ ਸਾਰਿਆਂ ਨੂੰ ਬਲੈਕ ਫੰਗਸ ਦੇ ਪ੍ਰਭਾਵ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਸਿਰਫ਼ ਕੁੱਝ ਬਿਮਾਰੀਆਂ ਤੋਂ ਪੀੜਤ ਲੋਕ ਹੀ ਬਲੈਕ ਫੰਗਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੋਰੋਨਾ ਕਾਲ ਵਿੱਚ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਪ੍ਰਕ੍ਰਿਆ ਸ਼ੁਰੂ ਕੀਤੀ ਸੀ, ਜੋ ਅਜੇ ਤੱਕ ਮੁਕੰਮਲ ਨਹੀਂ ਹੋ ਸਕੀ।
Black Fungus
ਜਦੋਂ ਕਿ ਡਾ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜ਼ੁਮਲੇਬਾਜੀ ਕਰਨ ਲੱਗੇ ਹਨ। ਇੱਕ ਪਾਸੇ ਮੁੱਖ ਮੰਤਰੀ ਪੂਰੇ ਪਿੰਡ ਵੱਲੋਂ ਟੀਕਾ ਲਗਵਾਉਣ ’ਤੇ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦੇ ਹਨ, ਜਦੋਂ ਕਿ ਪੰਜਾਬ ਸਰਕਾਰ ਕੋਲ ਤਾਂ ਟੀਕੇ ਦੀ ਲੋੜੀਂਦੀ ਮਾਤਰਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੰਭੀਰ ਹੁੰਦੀ ਤਾਂ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਘੱਟ ਹੁੰਦੀ।