
ਬਲਜਿੰਦਰ ਸਿੰਘ ਮੰਡ ਅਤੇ ਕੁਲਦੀਪ ਸਿੰਘ ਨੇ ਨੌਜਵਾਨ ਦੀ ਜ਼ਮਾਨਤ ਕਰਾਉਣ ਵਿਚ ਮਦਦ ਕਰਨ ਬਦਲੇ ਮੰਗੀ ਸੀ ਰਿਸ਼ਵਤ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਦੋ ਸਹਾਇਕ ਸਬ ਇੰਸਪੈਕਟਰਾਂ (ਏ.ਐਸ.ਆਈ.) ਬਲਜਿੰਦਰ ਸਿੰਘ ਮੰਡ, ਇੰਚਾਰਜ ਪੁਲਿਸ ਚੌਕੀ, ਫੇਜ਼-6, ਐਸ.ਏ.ਐਸ.ਨਗਰ ਅਤੇ ਇਸੇ ਪੁਲਿਸ ਚੌਕੀ ਵਿਚ ਤਾਇਨਾਤ ਉਸਦੇ ਸਾਥੀ ਏ.ਐਸ.ਆਈ. ਕੁਲਦੀਪ ਸਿੰਘ ਨੂੰ 25,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਨਵੀਂ ਖੇਤੀ ਨੀਤੀ ਕਿਸਾਨੀ ਸਮੱਸਿਆਂਵਾਂ ਹੱਲ ਕਰੇਗੀ : ਕੁਲਦੀਪ ਸਿੰਘ ਧਾਲੀਵਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਉਕਤ ਪੁਲਿਸ ਕਰਮਚਾਰੀਆਂ ਨੂੰ ਰਵਿੰਦਰ ਕੁਮਾਰ ਵਾਸੀ ਮੁੰਡੀਆਂ ਕਲਾਂ, ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦਸਿਆ ਕਿ ਉਸ ਦੇ ਪਾਰਸ ਨਾਮ ਦੇ ਦੋਸਤ ਨੂੰ ਉਕਤ ਥਾਣਾ ਇੰਚਾਰਜ ਨੇ ਸ਼ਰਾਬ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਅਤੇ ਦੋਵੇਂ ਪੁਲਿਸ ਮੁਲਾਜ਼ਮ ਅਦਾਲਤ ਤੋਂ ਪਾਰਸ, ਜਿਸ ਦਾ ਆਉਣ ਵਾਲੇ ਦਿਨਾਂ ਵਿਚ ਵਿਆਹ ਹੋਣਾ ਤੈਅ ਸੀ, ਦੀ ਜ਼ਮਾਨਤ ਕਰਾਉਣ ਵਿਚ ਮੱਦਦ ਕਰਨ ਬਦਲੇ ਪਹਿਲਾਂ ਹੀ ਵੱਖ-ਵੱਖ ਤਰੀਕਾਂ 'ਤੇ 45,000 ਰੁਪਏ ਲੈ ਚੁੱਕੇ ਹਨ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਮੁਫ਼ਤ ਗੁਰਬਾਣੀ ਪ੍ਰਸਾਰਣ ਲਈ SGPC ਦਾ ਆਪਣਾ ਯੂ-ਟਿਊਬ ਚੈਨਲ ਹੋਣਾ ਚਾਹੀਦਾ-ਰਾਜਾ ਵੜਿੰਗ
ਸ਼ਿਕਾਇਤਕਰਤਾ ਨੇ ਅੱਗੇ ਦਸਿਆ ਕਿ ਉਕਤ ਪੁਲਿਸ ਮੁਲਾਜ਼ਮ ਹੁਣ ਇਸੇ ਸ਼ਰਾਬ ਦੇ ਮਾਮਲੇ ਵਿਚ ਪਾਰਸ ਦੇ ਨਾਲ ਉਸਦੇ ਇਕ ਹੋਰ ਦੋਸਤ ਹਰਮੀਤ ਸਿੰਘ ਨੂੰ ਬਤੌਰ ਸਹਿ-ਦੋਸ਼ੀ ਸ਼ਾਮਲ ਨਾ ਕਰਨ ਬਦਲੇ 50,000 ਰੁਪਏ ਹੋਰ ਮੰਗ ਰਹੇ ਹਨ। ਬੁਲਾਰੇ ਨੇ ਦਸਿਆ ਕਿ ਉਕਤ ਦੋਸ਼ਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਉਡਣ ਦਸਤਾ-1, ਪੰਜਾਬ, ਐਸ.ਏ.ਐਸ. ਨਗਰ ਦੀ ਟੀਮ ਨੇ ਜਾਲ ਵਿਛਾਇਆ ਅਤੇ ਪੁਲਿਸ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਸ਼ਿਕਾਇਤਕਰਤਾ ਪਾਸੋਂ 25,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਬਠਿੰਡਾ 'ਚ ਯੂਪੀ ਦੇ ਨੌਜਵਾਨ ਨੇ ਸਲਫਾਸ ਦੀਆਂ ਖਾਧੀਆਂ ਗੋਲੀਆਂ, 6 ਪੰਨਿਆਂ ਦਾ ਲਿਖਿਆ ਸੁਸਾਈਡ ਨੋਟ
ਇਸ ਦੇ ਨਾਲ ਇਸ ਕੇਸ ਦੇ ਤਫਤੀਸ਼ੀ ਅਫਸਰ ਅਤੇ ਬਲਜਿੰਦਰ ਸਿੰਘ ਮੰਡ ਦੇ ਸਾਥੀ ਕਰਮਚਾਰੀ ਏ.ਐਸ.ਆਈ ਕੁਲਦੀਪ ਸਿੰਘ ਨੂੰ ਵੀ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਉਡਣ ਦਸਤਾ -1, ਐਸ.ਏ.ਐਸ. ਨਗਰ ਵਿਖੇ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।