
ਜਲਦੀ ਅਮੀਰ ਬਨਣ ਦੇ ਲਾਲਚ 'ਚ ਆਟੋ ਰਿਕਸ਼ੇ ਦਾ ਇਕ ਚਾਲਕ ਨਸ਼ਾ ਤਸਕਰ ਬਣ ਗਿਆ, ਜੋ ਦਿੱਲੀ ਤੋਂ ਇਕ ਨਾਈਜੀਰੀਅਨ ਤੋਂ ਹੈਰੋਇਨ ਸਸਤੇ ਭਾਅ ਖ੍ਰੀਦ...
ਲੁਧਿਆਣਾ, : ਜਲਦੀ ਅਮੀਰ ਬਨਣ ਦੇ ਲਾਲਚ 'ਚ ਆਟੋ ਰਿਕਸ਼ੇ ਦਾ ਇਕ ਚਾਲਕ ਨਸ਼ਾ ਤਸਕਰ ਬਣ ਗਿਆ, ਜੋ ਦਿੱਲੀ ਤੋਂ ਇਕ ਨਾਈਜੀਰੀਅਨ ਤੋਂ ਹੈਰੋਇਨ ਸਸਤੇ ਭਾਅ ਖ੍ਰੀਦ ਕੇ ਲੁਧਿਆਣੇ ਤੇ ਨਾਲ ਲੱਗਦੇ ਪਿੰਡਾਂ 'ਚ ਆਪਣੇ ਗ੍ਰਾਹਕਾਂ ਨੂੰ ਮਹਿੰਗੇ ਭਾਅ ਸਪਲਾਈ ਕਰਦਾ ਸੀ। ਐਸ ਟੀ ਐਫ ਯੂਨਿਟ ਲੁਧਿਆਣਾ ਦੇ ਇੰਚਾਰਜ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦਸਿਆ ਕਿ ਪੁਲਿਸ ਪਾਰਟੀ ਦੇ ਐਸ ਆਈ ਸੁਰਿੰਦਰ ਸਿੰਘ ਨੇ ਆਪਣੇ ਸਾਥੀ ਪੁਲਿਸ ਮੁਲਾਜਮਾਂ ਸਮੇਤ ਨਸ਼ਾ ਤਸਕਰਾਂ ਦੀ ਭਾਲ ਵਿੱਚ ਕੀਤੀ ਜਾ ਰਹੀ ਗਸ਼ਤ ਦੇ ਦੌਰਾਨ ਗਿੱਲ ਰੋਡ ਸਥਿਤ ਅਰੋੜਾ ਸਿਨੇਮਾ,
ਬਿਜਲੀ ਘਰ ਕੋਲੋਂ ਪੈਦਲ ਆ ਰਹੇ ਇੱਕ ਨੌਜਵਾਨ ਨੂੰ ਸ਼ੱਕ ਦੀ ਆਧਾਰ ਤੇ ਰੋਕ ਕੇ ਉਸ ਨੂੰ ਕਾਬੂ ਕੀਤਾ। ਕਾਰਵਾਈ ਕਰਦਿਆਂ ਐਸ ਟੀ ਐਫ ਟੀਮ ਵੱਲੋ ਡੀ ਐਸ ਪੀ, ਐਸ ਟੀ ਐਫ ਦਵਿੰਦਰ ਚੌਧਰੀ (ਲੁਧਿਆਣਾ ਦਿਹਾਤੀ )ਨੂੰ ਮੌਕੇ ਤੇ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਵਿੱਚ ਗ੍ਰਿਫਤਾਰ ਕੀਤੇ ਗਏ ਕਥਿਤ ਮੁਲਜ਼ਮ ਦੀ ਕਾਨੂੰਨ ਤਹਿਤ ਤਲਾਸ਼ੀ ਕੀਤੀ ਗਈ। ਟੀਮ ਨੂੰ ਕਥਿਤ ਤਸਕਰ ਪਾਸੋਂ ਤਲਾਸ਼ੀ ਦੌਰਾਨ ਪੁਲਿਸ ਦੀ ਨਜ਼ਰਾਂ ਤੋਂ ਬਚਣ ਲਈ ਹੈਂਡ ਬੈਗ ਵਿੱਚ ਇੱਕ ਟੈਲਕੱਮ ਪਾਊਡਰ ਦੇ ਡੱਬੇ 'ਚ ਲੁਕਾ ਕੇ ਰੱਖੀ ਗਈ 303 ਗ੍ਰਾਮ ਹੈਰੋਇਨ ਬ੍ਰਾਮਦ ਹੋਈ।
ਗ੍ਰਿਫਤਾਰ ਕੀਤੇ ਗਏ ਕਥਿਤ ਮੁਲਜ਼ਮ ਦੀ ਸ਼ਨਾਖ਼ਤ ਗੁਰੂ ਨਾਨਕ ਨਗਰ ਥਾਣਾ ਡਾਬਾ ਵਾਸੀ ਸੰਜੀਵ ਅਰੋੜਾ ਵਜੋਂ ਕੀਤੀ ਗਈ, ਜਿਸਦੇ ਖਿਲਾਫ਼ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ। ਐਸ.ਟੀ.ਐਫ਼ ਲੁਧਿਆਣਾ ਦੇ ਇੰਚਾਰਜ ਐਸ.ਆਈ ਹਰਬੰਸ ਸਿੰਘ ਮੁਤਾਬਕ ਮੁੱਢਲੀ ਪੁੱਛਗਿੱਛ ਦੌਰਾਨ ਸੰਜੀਵ ਅਰੋੜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਤੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰ ਰਿਹਾ ਹੈ।
ਬ੍ਰਾਮਦ ਹੈਰੋਇਨ ਉਹ ਦਿੱਲੀ ਤੋਂ ਇੱਕ ਨਾਈਜੀਰੀਅਨ ਤੋਂ ਸਸਤੇ ਭਾਅ ਖ੍ਰੀਦ ਕਰਕੇ ਲਿਆਇਆ ਸੀ,ਜਿਸ ਨੂੰ ਉਸਨੇ ਲੁਧਿਆਣਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਵਿੱਚ ਆਪਣੇ ਗ੍ਰਾਹਕਾਂ ਨੂੰ ਮਹਿੰਗੇ ਭਾਅ ਸਪਲਾਈ ਕਰਨੀ ਸੀ। ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਤਸਕਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸਦੇ ਹੋਰ ਸਾਥੀਆਂ ਤੇ ਗ੍ਰਾਹਕਾਂ ਦਾ ਪਤਾ ਲਗਾਇਆ ਜਾਵੇਗਾ। ਪੁਲਿਸ ਨੂੰ ਵਧੇਰੇ ਖੁਲਾਸੇ ਹੋਣ ਦੀ ਉਮੀਦ ਹੈ।