
ਹੁਣ ਭਾਰਤੀ ਰੇਲਵੇ ਵੀ ਹਾਈਟੈਕ ਹੁੰਦਾ ਜਾ ਰਿਹਾ ਹੈ ਤੇ ਉਹ ਪਹਿਲਾਂ ਵਾਲੇ ਜ਼ਮਾਨੇ ਵਰਗੀਆਂ ਘਸੀਆਂ ਪਿਟੀਆਂ ਰੇਲ ਗੱਡੀਆਂ ਨਹੀਂ ਚਲਾ ਰਿਹਾ
ਅੰਮ੍ਰਿਤਸਰ, (ਵਿਸ਼ੇਸ਼ ਪ੍ਰਤੀਨਿਧ), ਹੁਣ ਭਾਰਤੀ ਰੇਲਵੇ ਵੀ ਹਾਈਟੈਕ ਹੁੰਦਾ ਜਾ ਰਿਹਾ ਹੈ ਤੇ ਉਹ ਪਹਿਲਾਂ ਵਾਲੇ ਜ਼ਮਾਨੇ ਵਰਗੀਆਂ ਘਸੀਆਂ ਪਿਟੀਆਂ ਰੇਲ ਗੱਡੀਆਂ ਨਹੀਂ ਚਲਾ ਰਿਹਾ ਸਗੋਂ ਵਿਸ਼ਵ ਪੱਧਰੀ ਸਹੂਲਤਾਂ ਦੇਣ ਵਾਲੇ ਦੇਸ਼ਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਰੇਲ ਗੱਡੀਆਂ ਵਿਚ ਗੰਦਗੀ, ਖਾਣ ਪੀਣ, ਟਾਇਲਟ ਵਿਚ ਪਾਣੀ ਨਾ ਹੋਣ ਵਰਗੀਆਂ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ।
Railwayਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਫ਼ਿਰੋਜ਼ਪੁਰ ਡਵੀਜ਼ਨ ਨੇ ਇਕ ਕਦਮ ਚੁਕਿਆ ਹੈ। ਇਸ ਦੇ ਲਈ ਰੇਲ ਗੱਡੀਆਂ ਵਿਚ 'ਟ੍ਰੇਨ ਕੈਪਟਨ' ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਜੇਕਰ ਕਿਸੇ ਮੁਸਾਫ਼ਰ ਨੂੰ ਸਮੱਸਿਆ ਹੋਵੇਗੀ ਤਾਂ ਉਸ ਨੂੰ ਸਟੇਸ਼ਨਾਂ 'ਤੇ ਸਿਕਾਇਤ ਨਹੀਂ ਕਰਨੀ ਪਵੇਗੀ ਬਲਕਿ 'ਟਰੇਨ ਕੈਪਟਨ' ਹੀ ਉਸ ਸਮੱਸਿਆ ਦਾ ਹੱਲ ਕੱਢਣਗੇ।
Railwayਰੇਲ ਗੱਡੀ ਵਿਚ ਸਾਰੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ 'ਟਰੇਨ ਕੈਪਟਨਾਂ' ਕੋਲ ਹੋਵੇਗੀ। ਫ਼ਿਲਹਾਲ ਡਵੀਜ਼ਨ ਵਲੋਂ ਬੁੱਧਵਾਰ ਨੂੰ ਜੰਮੂ-ਤਵੀ ਅਹਿਮਦਾਬਾਦ ਐਕਸਪ੍ਰੈਸ (19224) ਰੇਲ ਗੱਡੀ ਵਿਚ 'ਟ੍ਰੇਨ ਕੈਪਟਨ' ਤੈਨਾਤ ਕੀਤਾ ਗਿਆ ਹੈ। ਡੀਆਰਐਮ ਵਿਵੇਕ ਕੁਮਾਰ ਅਤੇ ਸੀਨੀਅਰ ਡੀਸੀਐਮ ਹਰੀ ਮੋਹਨ ਨੇ ਦਸਿਆ ਕਿ ਛੇਤੀ ਹੀ ਹੋਰ ਰੇਲ ਗੱਡੀਆਂ ਵਿਚ ਵੀ ਇਨ੍ਹਾਂ 'ਟਰੇਨ ਕੈਪਟਨਾਂ' ਦੀ ਨਿਯੁਕਤੀ ਕੀਤੀ ਜਾਵੇਗੀ।
Railwaysਉਨ੍ਹਾਂ ਕਿਹਾ ਕਿ ਟ੍ਰੇਨ ਯਾਤਰਾ ਦੌਰਾਨ ਹੋਣ ਵਾਲੀਆਂ ਸਾਰੀਆਂ ਸਮੱਸਿਆਵਾਂ ਜਿਵੇਂ ਬੈਡਰੋਲ, ਪਾਣੀ, ਏਸੀ, ਸੁਰੱਖਿਆ, ਖਾਣ-ਪੀਣ, ਮੈਡੀਕਲ ਆਦਿ ਦੀਆਂ ਸ਼ਿਕਾਇਤਾਂ 'ਟ੍ਰੇਨ ਕੈਪਟਨ' ਨੂੰ ਕੀਤੀਆਂ ਜਾ ਸਕਣਗੀਆਂ ਅਤੇ ਉਹ ਮੌਕੇ 'ਤੇ ਹੀ ਇਨ੍ਹਾਂ ਦਾ ਹੱਲ ਕੱਢਣਗੇ । ਅਧਿਕਾਰੀਆਂ ਨੇ ਦਸਿਆ ਕਿ ਰੇਲਵੇ ਹੋਰ ਆਧੁਨਿਕ ਸਹੂਲਤਾਂ ਦੇਣ ਲਈ ਵੀ ਵਿਚਾਰ ਵਟਾਂਦਰਾ ਕਰ ਰਿਹਾ ਹੈ ਤੇ ਇਹ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਸੀਟਾਂ ਨੂੰ ਮੁਸਾਫ਼ਰਾਂ ਦੇ ਮੋਬਾਈਲ ਨਾਲ ਹੀ ਜੋੜਿਆ ਜਾਵੇ।