
ਕਿਸਾਨ ਗੁਰਸੇਵਕ ਸਿੰਘ ਦੀ ਮੌਤ ਦੇ ਵੀਹ ਦਿਨਾਂ ਤੋਂ ਬਾਅਦ ਵੀ ਰਹਿੰਦੇ ਇਕ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ ਜਿਸ ਨੂੰ ਲੈ ਕੇ ਛੇੜੇ ਸੰਘਰਸ਼......
ਰਾਮਪੁਰਾ ਫੂਲ: ਕਿਸਾਨ ਗੁਰਸੇਵਕ ਸਿੰਘ ਦੀ ਮੌਤ ਦੇ ਵੀਹ ਦਿਨਾਂ ਤੋਂ ਬਾਅਦ ਵੀ ਰਹਿੰਦੇ ਇਕ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ ਜਿਸ ਨੂੰ ਲੈ ਕੇ ਛੇੜੇ ਸੰਘਰਸ਼ ਦੇ ਚਲਦਿਆਂ ਅੱਜ ਭਾਕਿਯੂ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਸੁਖਦੇਵ ਸਿੰਘ ਜਵੰਧਾ ਦੀ ਅਗਵਾਈ ਵਿਚ ਛੇ ਜਿਲਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਨੇ ਹਿੱਸਾ ਲਿਆ।
ਘੋਲ ਨੂੰ ਹੋਰ ਤਿੱਖਾ ਕਰਨ ਬਾਰੇ ਪ੍ਰੋਗਰਾਮ ਉਲੀਕਿਆ ਗਿਆ ਅਤੇ ਜ਼ਿਲ੍ਹਾ ਪਧਰੀ ਕਿਸਾਨਾਂ ਦਾ ਇਕੱਠ ਕਰ ਕੇ ਥਾਣਾ ਸਿਟੀ ਰਾਮਪੁਰਾ ਅੱਗੇ ਧਰਨਾ ਜਾਰੀ ਰਖਿਆ। ਆਗੂਆਂ ਨੇ ਕਿਹਾ ਕਿ ਅੱਜ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਭਾਕਿਯੂ ਉਗਰਾਹਾਂ ਦੇ ਆਗੂਆਂ ਵਲੋਂ ਧਰਨੇ ਵਿਚ ਹਿੱਸਾ ਲਿਆ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿੰਡ ਲਹਿਰਾ ਧੂਰਕੋਟ ਵਾਸੀ ਗੁਰਸੇਵਕ ਸਿੰਘ ਨੰਬਰਦਾਰ ਦੀ ਮੌਤ ਦੇ ਜ਼ਿਮੇਵਾਰ ਤਿੰਨ ਵਿਅਕਤੀਆਂ ਵਿਚੋਂ ਇਕ ਮੁਲਜ਼ਮ ਨੂੰ ਸਿਆਸੀ ਸਹਿ ਪ੍ਰਾਪਤ ਹੈ। ਇਸ ਕਰ ਕੇ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।
ਉਨ੍ਹਾਂ ਦਸਿਆ ਕਿ ਕਿਸਾਨ ਗੁਰਸੇਵਕ ਸਿੰਘ ਨੇ ਡਾ. ਅਮਰਜੀਤ ਸ਼ਰਮਾ ਨੂੰ ਦਰਸ਼ਨ ਸਿੰਘ ਮੰਡੀਕਲਾਂ ਅਤੇ ਰਿਸੂ ਸਰਮਾਂ ਰਾਮਪੁਰਾ ਪ੍ਰੋਪਰਟੀ ਡੀਲਰਾਂ ਰਾਹੀ 11 ਕਨਾਲ ਜਮੀਨ 36 ਲੱਖ 35 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣੀ ਜਮੀਨ ਵੇਚਣ ਦਾ ਸੋਦਾ ਕੀਤਾ ਸੀ ਪਰ ਕਿਸਾਨ ਤੋ ਰਜਿਸਟਰੀ ਕਰਵਾਉਣ ਤੋ ਬਾਅਦ ਡਾ. ਅਮਰਜੀਤ ਸਰਮਾਂ ਅਤੇ ਪ੍ਰੋਪਰਟੀ ਡੀਲਰਾਂ ਨੇ 13 ਲੱਖ ਰੁਪਏ ਬਾਅਦ ਵਿੱਚ ਦੇਣ ਦੀ ਗੱਲ ਕਹੀ ਸੀ। ਜਦ ਗੁਰਸੇਵਕ ਸਿੰਘ ਨੇ ਆਪਣੀ ਬਾਕੀ ਰਹਿੰਦੀ ਰਕਮ ਵਾਰ-ਵਾਰ ਦੇਣ ਲਈ ਕਿਹਾ ਤਾਂ ਉਕਤ ਵਿਅਕਤੀਆਂ ਨੇ ਪੈਸੇ ਦੇਣ ਤੋ ਮੁਕਰ ਕੇ ਡਰਾਉਣ ਧਮਕਾਉਣਾ ਸੁਰੂ ਕਰ ਦਿੱਤਾ।
ਕਿਸਾਨ ਆਪਣੀ ਮੌਤ ਦਾ ਜ਼ਿਮੇਵਾਰ ਉਕਤ ਤਿੰਨੇ ਕਥਿਤ ਦੋਸ਼ੀਆਂ ਨੂੰ ਖੁਦਕੁਸੀ ਨੋਟ ਵਿੱਚ ਲਿਖਕੇ ਫਾਹਾ ਲੈ ਕੇ ਖੁਦਕੁਸੀ ਕਰ ਗਿਆ ਪਰ ਪੁਲਿਸ ਸਿਆਸੀ ਦਖਲ ਕਾਰਨ ਰਹਿੰਦੇ ਮੁੱਖ ਕਥਿਤ ਦੋਸੀ ਨੂੰ ਗ੍ਰਿਫਤਾਰ ਨਹੀ ਕਰ ਰਹੀ । ਇਸ ਮੌਕੇ ਪਰਮਜੀਤ ਕੋਰ ਕੋਟੜਾ, ਪਰਮਜੀਤ ਕੋਰ ਪਿਥੋ, ਹਰਪ੍ਰੀਤ ਕੋਰ ਜੇਠੂਕੇ, ਦਰਸ਼ਨ ਸਿੰਘ ਮਾਇਸਰ ਖਾਨਾ, ਜਗਦੇਵ ਸਿੰਘ ਜੋਗੇ ਵਾਲਾ, ਜਗਸੀਰ ਸਿੰਘ ਝੁੰਬਾ, ਬਾਬੂ ਸਿੰਘ ਮੰਡੀਖੁਰਦ, ਦੀਨਾ ਸਿਵੀਆਂ, ਅਮਰੀਕ ਸਿੰਘ ਘੁੱਦਾ, ਭੋਲਾ ਸਿੰਘ ਰਾਏਖਾਨਾ,
ਬਲਜੀਤ ਸਿੰਘ ਪੂਹਲਾ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਵੀ ਸੰਬੋਧਨ ਕੀਤਾ। ਇਸ ਸੰਬਧੀ ਥਾਣਾ ਸਿਟੀ ਮੁੱਖੀ ਬਿੱਕਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਕਥਿਤ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿਸਾਨ ਯੂਨੀਅਨ ਨਾਲ ਤਾਲਮੇਲ ਕਰਕੇ ਮ੍ਰਿਤਕ ਗੁਰਸੇਵਕ ਸਿੰਘ ਦੀ ਲਾਸ ਦਾ ਪੋਸਟਮਾਰਟਮ ਕਰਵਾਉਣ ਲਈ ਕਿਹਾ ਜਾ ਰਿਹਾ ਹੈ।