
ਕਿਸਾਨ ਯੂਨੀਅਨਾਂ ਵੱਲੋਂ ਪਿੰਡ ਬੰਦ ਦੇ ਸੱਦੇ ਨੂੰ ਅੱਜ ਚੌਥਾ ਦਿਨ ਹੈ ਪਰ ਕਿਸਾਨਾਂ ਦਾ ਸੰਘਰਸ਼ ਆਮ ਲੋਕਾਂ 'ਤੇ ਭਾਰੂ ਪੈਣ ਲੱਗਾ ਹੈ ਅਤੇ ਕਿਸਾਨ ਯੂਨੀਅਨਾਂ ਦੇ ...
ਗਿੱਦੜਬਾਹਾ: ਕਿਸਾਨ ਯੂਨੀਅਨਾਂ ਵੱਲੋਂ ਪਿੰਡ ਬੰਦ ਦੇ ਸੱਦੇ ਨੂੰ ਅੱਜ ਚੌਥਾ ਦਿਨ ਹੈ ਪਰ ਕਿਸਾਨਾਂ ਦਾ ਸੰਘਰਸ਼ ਆਮ ਲੋਕਾਂ 'ਤੇ ਭਾਰੂ ਪੈਣ ਲੱਗਾ ਹੈ ਅਤੇ ਕਿਸਾਨ ਯੂਨੀਅਨਾਂ ਦੇ ਕਾਰਕੁਨ ਗੁੰਡਾਗਰਦੀ 'ਤੇ ਉਤਰ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਸਬਜ਼ੀ ਅਤੇ ਫਲ ਵਿਕਰੇਤਾ ਯੂਨੀਅਨ ਦੇ ਆਗੂਆਂ ਨੇ ਦਸਿਆ ਕਿ ਕਿਸਾਨ ਯੂਨੀਅਨਾਂ ਦੇ ਇਹ ਕਾਰਕੁਨ ਸ਼ਹਿਰਾਂ ਵਿੱਚ ਸਬਜ਼ੀਆਂ ਅਤੇ ਦੁੱਧ ਦਾ ਕੰਮ ਕਰਨ ਵਾਲੇ ਦੋਧੀਆਂ, ਦੁਕਾਨਦਾਰਾਂ ਦੇ ਘਰਾਂ ਵਿਚ ਵੜ੍ਹ ਕੇ ਉਨ੍ਹਾ ਦਾ ਸਮਾਨ ਸ਼ਰੇਆਮ ਸੜਕਾਂ ਤੇ ਸੁੱਟ ਦਿੰਦੇ ਹਨ ਅਤੇ ਪਰਵਾਰਕ ਮੈਂਬਰਾਂ ਦੇ ਰੋਕਣ 'ਤੇ ਘਰ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਧਮਕਾਉਂਦੇ ਨਜ਼ਰ ਆਉਂਦੇ ਹਨ।
ਉਨ੍ਹਾਂ ਦਸਿਆ ਕਿ ਕਿਸਾਨ ਯੂਨੀਅਨ ਦੇ ਕੁੱਝ ਕਾਰਕੁਨਾਂ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਨਜ਼ਦੀਕ ਇਕ ਸਬਜ਼ੀ ਵਿਕ੍ਰੇਤਾ ਰਾਮ ਲਾਲ ਦੇ ਘਰ ਵੜ ਕੇ ਉਸ ਦੀ ਸਬਜ਼ੀ ਬਾਹਰ ਸੁੱਟ ਦਿਤੀ ਅਤੇ ਰੋਕਣ 'ਤੇ ਉਸ ਦੇ ਪਰਵਾਰ ਦੀਆਂ ਔਰਤਾਂ ਨਾਲ ਗਾਲੀ-ਗਲੋਚ ਕੀਤਾ ਅਤੇ ਉਨ੍ਹਾਂ ਨੂੰ ਧੱਕੇ ਮਾਰੇ ਅਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਸਬਜ਼ੀ ਲਿਆ ਰਹੇ ਸਬਜ਼ੀ ਵਿਕ੍ਰੇਤਾਵਾਂ ਦੀਆਂ ਗੱਡੀਆਂ ਵਿੱਚੋਂ ਧੱਕੇ ਨਾਲ ਸਬਜ਼ੀ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਮੌਕੇ 'ਤੇ ਪੁੱਜ ਕੇ ਅਪਣੀ ਨਿਗਰਾਨੀ ਹੇਠ ਸਬਜ਼ੀ ਦੀਆਂ ਗੱਡੀਆਂ ਨੂੰ ਸਬਜ਼ੀ ਮੰਡੀ ਪਹੁੰਚਾਇਆ।
ਗੁੱਸੇ ਵਿਚ ਆਏ ਸਬਜ਼ੀ, ਫਲ ਵਿਕ੍ਰੇਤਾਵਾਂ ਅਤੇ ਦੁੱਧ ਵਿਕ੍ਰਤਾਵਾਂ ਨੇ ਸਥਾਨਕ ਘੰਟਾ ਘਰ ਚੌਂਕ ਵਿਚ ਧਰਨਾ ਲਗਾ ਦਿਤਾ ਅਤੇ ਕਿਸਾਨ ਯੂਨੀਅਨ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ। ਭੜਕੇ ਸਬਜ਼ੀ ਫ਼ਲ ਵਿਕ੍ਰੇਤਾਵਾਂ ਨੂੰ ਐਸ.ਐਚ.ਓ. ਕੇਵਲ ਸਿੰਘ ਨੇ ਸਮਝਾ ਕੇ ਵਾਪਸ ਭੇਜ ਦਿਤਾ। ਇਸ ਸਬੰਧੀ ਗੱਲ ਕਰਨ 'ਤੇ ਥਾਣਾ ਮੁਖੀ ਕੇਵਲ ਸਿੰਘ ਨੇ ਕਿਹਾ ਕਿ ਘਰਾਂ ਵਿਚੋਂ ਧੱਕੇ ਨਾਲ ਸਬਜੀਆਂ, ਫਲ ਆਦਿ ਚੁੱਕਣ, ਔਰਤਾਂ ਅਤੇ ਬੱਚਿਆਂ ਨੂੰ ਧੱਕੇ ਮਾਰਨ ਅਤੇ ਧਮਕਾਉਣ ਸਬੰਧੀ ਜਾਂ ਕਿਸੇ ਵੀ ਗੱਡੀ ਨੂੰ ਰੋਕ ਕੇ ਧੱਕੇ ਨਾਲ ਚੈੱਕ ਕਰਨ ਦਾ ਸਬੰਧੀ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ
ਤਾਂ ਪੁਲਿਸ ਵਲੋਂ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਧਰ ਥਾਣਾ ਗਿੱਦੜਬਾਹਾ ਦੇ ਨਜ਼ਦੀਕ ਬਜ਼ਾਰ ਵਿੱਚ ਇਕ ਕਿਸਾਨ ਆਗੂ ਜਿਸ ਨੇ ਅੱਜ ਸਵੇਰੇ ਦੁਕਾਨਦਾਰਾਂ ਦੀਆਂ ਸਬਜ਼ੀਆਂ ਸ਼ਰੇਆਮ ਸੜਕਾਂ ਤੇ ਸੁੱਟੀਆਂ ਸਨ, ਦੀ ਭੜਕੀ ਭੀੜ ਨੇ ਚੰਗੀ ਭੁਗਤ ਸਵਾਰੀ, ਜਿਸ ਤੋਂ ਬਾਅਦ ਉਕਤ ਕਿਸਾਨ ਆਗੂ ਨੂੰ ਸੀ.ਆਈ.ਡੀ. ਅਫ਼ਸਰਾਂ ਨੇ ਥਾਣੇ ਅੰਦਰ ਲਿਜਾ ਕੇ ਉਸ ਦੀ ਕੁੱਟਮਾਰ ਹੋਣ ਤੋਂ ਬਚਾਈ।