
ਮੁਲਜ਼ਮ ਪਿਤਾ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਥੀ
ਲੁਧਿਆਣਾ: 21 ਸਾਲ ਪਹਿਲਾਂ ਸ਼ਹਿਰ ਦੇ ਅਧੀਨ ਆਉਂਦੇ ਇਕ ਪਿੰਡ ਦੀ ਔਰਤ ਨਾਲ ਹੋਏ ਜ਼ਬਰ ਜਨਾਹ ਕਾਰਨ ਪੈਦਾ ਹੋਈ ਬੇਟੀ ਅਪਣੇ ਪਿਤਾ ਦਾ ਨਾਂਅ ਲੈਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ। ਵੱਡੀ ਗੱਲ ਇਹ ਹੈ ਕਿ ਲੜਕੀ ਨੂੰ ਡੀਐਨਏ ਟੈਸਟ ਕਰਵਾਉਣ ਦੇ ਬਾਵਜੂਦ ਵੀ ਇਹ ਲੜਾਈ ਲੜਨੀ ਪੈ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੁਲਜ਼ਮ ਪਿਤਾ ਉਸ ਲੜਕੀ ਨੂੰ ਅਪਣੀ ਬੇਟੀ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਮੁਲਜ਼ਮ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਥੀ ਹੈ।
ਲੜਕੀ ਮੁਤਾਬਕ, ਲਗਭੱਗ 22 ਸਾਲ ਪਹਿਲਾਂ ਉਸ ਦੀ ਮਾਂ ਦਾ ਵਿਆਹ ਹੋਇਆ ਸੀ। ਉਸ ਦੀ ਮਾਂ ਅਕਸਰ ਗੁਰਦੁਆਰੇ ਮੱਥਾ ਟੇਕਣ ਜਾਇਆ ਕਰਦੀ ਸੀ। ਇਕ ਦਿਨ ਮੁਲਜ਼ਮ ਮਾਨ ਸਿੰਘ ਜੋ ਪਿੰਡ ਦਾ ਗ੍ਰੰਥੀ ਹੈ, ਨੇ ਉਸ ਦੀ ਮਾਂ ਨੂੰ ਡਰਾ-ਧਮਕਾ ਕੇ ਉਸ ਨਾਲ ਜ਼ਬਰ ਜਨਾਹ ਕੀਤਾ। ਇਸ ਤੋਂ ਬਾਅਦ ਵੀ ਮੁਲਜ਼ਮ ਉਸ ਨੂੰ ਡਰਾ-ਧਮਕਾ ਕੇ ਲਗਾਤਾਰ ਸਬੰਧ ਬਣਾਉਂਦਾ ਰਿਹਾ। ਇਸੇ ਦੌਰਾਨ ਹੀ ਉਸ ਦੀ ਮਾਂ ਗਰਭਵਤੀ ਹੋ ਗਈ ਤੇ 1998 ’ਚ ਬੱਚੀ ਦਾ ਜਨਮ ਹੋਇਆ।
ਬੱਚੀ ਦੇ ਜਨਮ ਮਗਰੋਂ ਮੁਲਜ਼ਮ ਉਸ ਦੀ ਮਾਂ ਨਾਲ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਸ ਦੀ ਮਾਂ ਨੇ 2010 ਵਿਚ ਥਾਣਾ ਮੇਹਰਬਾਨ ’ਚ ਮੁਲਜ਼ਮ ਵਿਰੁਧ ਜ਼ਬਰ ਜਨਾਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ, ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ 2011 ਵਿਚ ਉਸ ਦੀ ਮਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਡੀਐਨਏ ਟੈਸਟ ਕਰਵਾਉਣ ਦੀ ਮੰਗ ਕੀਤੀ। ਜ਼ਬਰ ਜਨਾਹ ’ਚ ਪਿਤਾ-ਬੱਚੇ ਦਾ ਡੀਐਨਏ ਟੈਸਟ ਮਿਲਾਨ ਕਰਵਾਉਣ ਦਾ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਪਹਿਲਾ ਮਾਮਲਾ ਹੈ।
ਬੀਏ ਕਰ ਚੁੱਕੀ ਲੜਕੀ ਨੂੰ ਜਦੋਂ ਸਮਾਜ ਪਿਤਾ ਦਾ ਨਾਂ ਲੈ ਕੇ ਛੇੜਨ ਲੱਗਾ ਤਾਂ ਇਸ ਤੋਂ ਪਰੇਸ਼ਾਨ ਲੜਕੀ ਨੇ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਚਿੱਠੀ ਭੇਜ ਕੇ ਮੰਗ ਕੀਤੀ ਕਿ ਉਸ ਨੂੰ ਉਸ ਦੇ ਪਿਤਾ ਦਾ ਨਾਂਅ ਦਿਵਾਉਣ ’ਚ ਮਦਦ ਕੀਤੀ ਜਾਵੇ। ਗ੍ਰਹਿ ਵਿਭਾਗ ਨੇ ਡੀਸੀ ਤੇ ਸੀਪੀ ਲੁਧਿਆਣਾ ਨੂੰ ਮਾਮਲੇ ਦੀ ਜਾਂਚ ਤੋਂ ਬਾਅਦ ਫੌਰੀ ਕਾਰਵਾਈ ਕਰਨ ਲਈ ਕਿਹਾ। ਸੀਪੀ ਨੇ ਮਾਮਲੇ ਦੀ ਜਾਂਚ ਥਾਣਾ ਮੇਹਰਬਾਨ ਦੇ ਐਸਐਚਓ ਨੂੰ ਸੌਂਪ ਕੇ ਸੱਤ ਦਿਨਾਂ ਦੇ ਅੰਦਰ ਰਿਪੋਰਟ ਮੰਗੀ। ਪੀੜਤਾ ਦਾ ਦੋਸ਼ ਹੈ ਕਿ ਦੋ ਮਹੀਨੇ ਬੀਤ ਜਾਣ ਮਗਰੋਂ ਵੀ ਉਹ ਰਿਪੋਰਟ ਤਿਆਰ ਨਹੀਂ ਕੀਤੀ ਗਈ।
ਮੁਲਜ਼ਮ ਮਾਨ ਸਿੰਘ ਲੜਕੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਤੋਂ ਤੰਗ ਆ ਕੇ ਨੇ ਸ਼ਨਿਚਰਵਾਰ ਨੂੰ ਅਪਣੇ ਸਾਥੀਆਂ ਨਾਲ ਘਰ ’ਚ ਦਾਖਲ ਹੋ ਕੇ ਲੜਕੀ ਤੇ ਉਸ ਦੀ ਮਾਂ ’ਤੇ ਬੇਸਬੈਟ ਨਾਲ ਹਮਲਾ ਕਰ ਦਿਤਾ। ਇਸ ਦੌਰਾਨ ਮੁਲਜ਼ਮ ਤੇ ਉਸ ਦੇ ਸਾਥੀਆਂ ਨੇ ਘਰ ’ਚ ਤੋੜ-ਭੰਨ ਕੀਤੀ ਤੇ ਦੋਵਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਥਾਣਾ ਮੇਹਰਬਾਨ ਪੁਲਿਸ ਨੇ 21 ਸਾਲਾ ਲੜਕੀ ਦੀ ਸ਼ਿਕਾਇਤ ’ਤੇ ਉਸੇ ਪਿੰਡ ਵਿਚ ਰਹਿਣ ਵਾਲੇ ਮਾਨ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਤਜਿੰਦਰ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਥਾਣਾ ਮੇਹਰਬਾਨ ਦੇ ਐਸਐਚਓ ਦਾ ਕਹਿਣਾ ਹੈ ਕਿ ਲੜਕੀ ਦੀ ਸ਼ਿਕਾਇਤ ’ਤੇ ਛੇ ਜਣਿਆਂ ਵਿਰੁਧ ਕੁੱਟਮਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਰਾਣੇ ਕੇਸ ਦੀ ਵੀ ਜਾਂਚ ਜਾਰੀ ਰਹੀ ਹੈ।