
ਨੇੜਲੇ ਪਿੰਡ ਪੰਜਢੇਰਾਂ ਕਲਾਂ 'ਚ ਪਿਉ ਦੇ ਜਬਰ ਜ਼ਨਾਹ ਦਾ ਸ਼ਿਕਾਰ ਨਾਬਾਲਿਗਾ ਦੇ ਬਿਆਨਾਂ 'ਤੇ ਮੁਕੇਰੀਆਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ.........
ਮੁਕੇਰੀਆਂ : ਨੇੜਲੇ ਪਿੰਡ ਪੰਜਢੇਰਾਂ ਕਲਾਂ 'ਚ ਪਿਉ ਦੇ ਜਬਰ ਜ਼ਨਾਹ ਦਾ ਸ਼ਿਕਾਰ ਨਾਬਾਲਿਗਾ ਦੇ ਬਿਆਨਾਂ 'ਤੇ ਮੁਕੇਰੀਆਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅੱਜ ਪੀੜਤਾ ਦਾ ਮੈਡੀਕਲ ਸਿਵਲ ਹਸਪਤਾਲ ਮੁਕੇਰੀਆਂ 'ਚ ਕਰਾਉਣ ਉਪਰੰਤ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ। ਚਾਈਲਡ ਵੈਲਫੇਅਰ ਕਮੇਟੀ ਵਲੋਂ 10 ਜੁਲਾਈ ਨੂੰ ਦਰਜ ਕੀਤੇ ਬਿਆਨਾਂ ਅਨੁਸਾਰ ਪੀੜਤ ਨਾਬਾਲਿਗਾ ਨੇ ਦਸਿਆ ਕਿ ਉਹ ਨੇੜਲੇ ਸਰਕਾਰੀ ਸਕੂਲ 'ਚ ਪੜ੍ਹਦੀ ਸੀ, ਪਰ ਹੁਣ ਉਸ ਨੇ ਸਕੂਲ ਛੱਡ ਦਿਤਾ ਹੈ।
ਬੀਤੀ 23.12.2017 ਨੂੰ ਉਸਦੇ ਪਿਤਾ ਨੇ ਉਸ ਨੂੰ ਘਰ ਵਿਚ ਇਕੱਲੀ ਦੇਖ ਕੇ ਜ਼ਬਰੀ ਸਰੀਰਕ ਸਬੰਧ ਬਣਾਏ ਅਤੇ ਕਰੀਬ ਦੋ ਦਿਨ ਬਾਅਦ ਮੁੜ ਇਹ ਕਹਾਣੀ ਦੁਹਰਾਈ ਗਈ। ਮੈਂ ਇਸਦੀ ਸ਼ਿਕਾਇਤ ਅਪਣੇ ਘਰਦਿਆਂ ਨੂੰ ਕੀਤੀ, ਪਰ ਉਨਾਂ੍ਹ ਮੇਰੀ ਗੱਲ 'ਤੇ ਯਕੀਨ ਨਹੀਂ ਕੀਤਾ। ਇਸ ਬਾਬਤ ਜਦੋਂ ਉਸਨੇ ਅਪਣੀ ਭਰਜਾਈ ਨੂੰ ਦਸਿਆ ਤਾਂ ਉਸਨੇ ਇਸਦੀ ਸ਼ਿਕਾਇਤ ਕਰਨ ਲਈ ਪ੍ਰੇਰਿਤ ਕੀਤਾ। ਜਿਸ ਤੋਂ ਬਾਅਦ ਬੀਤੇ ਕੱਲ੍ਹ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।
ਐਸਐਚਓ ਕਰਨੈਲ ਸਿੰਘ ਨੇ ਕਿਹਾ ਕਿ ਨਾਬਾਲਗਾ ਦੇ ਬਿਆਨਾਂ 'ਤੇ ਦੋਸ਼ੀ ਨਿਰਮਲ ਸਿੰਘ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ, ਪਰ ਪੀੜਤਾ ਦੀ ਭਰਜਾਈ ਨੇ ਹਾਲੇ ਕੋਈ ਸ਼ਿਕਾਇਤ ਨਹੀਂ ਕੀਤੀ। ਜੇਕਰ ਪੀੜਤਾ ਦੀ ਭਰਜਾਈ ਸ਼ਿਕਾਇਤ ਕਰਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਗ੍ਰਿਫਤਾਰੀ ਹਾਲੇ ਨਹੀਂ ਕੀਤੀ ਗਈ ਅਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।